ਨਿਜੀ ਪੱਤਰ ਪ੍ਰੇਰਕ
ਸੰਗਰੂਰ, 31 ਮਈ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਪਿੰਡ ਬੰਗਾਵਾਲੀ ਵਿਖੇ ਮਗਨਰੇਗਾ ਕਾਮਿਆਂ ਨਾਲ ਹੋ ਰਹੀ ਵਿਤਕਰੇਬਾਜ਼ੀ, ਨਿਯਮਾਂ ਤਹਿਤ ਨਿਸਚਿਤ ਦਿਹਾੜੀ ਖਾਤਿਆਂ ਵਿੱਚ ਨਾ ਪਾਉਣ ਅਤੇ ਗ੍ਰਾਮ ਸੇਵਕ ਦੇ ਮਗਨਰੇਗਾ ਕਾਮਿਆਂ ਨਾਲ ਕੀਤੇ ਜਾਂਦੇ ਕਥਿਤ ਮਾੜੇ ਵਤੀਰੇ ਖਿਲਾਫ ਇਥੇ ਬੀਡੀਪੀਓ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬੀਡੀਪੀਓ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੀ ਜ਼ਿਲ੍ਹਾ ਸਕੱਤਰ ਬਿਮਲ ਕੌਰ ਅਤੇ ਲਾਲ ਚੰਦ ਨੇ ਕਿਹਾ ਕਿ ਪਿੰਡ ਵਿੱਚ ਮਗਨਰੇਗਾ ਕਾਮਿਆਂ ਨਾਲ ਕਥਿਤ ਧੱਕੇਸ਼ਾਹੀ ਕੀਤੀ ਜਾਂਦੀ ਹੈ ਅਤੇ ਕੀਤੇ ਕੰਮ ਦੀ ਖਾਤੇ ਵਿੱਚ ਪੂਰੀ ਦਿਹਾੜੀ ਨਹੀਂ ਪਾਈ ਜਾਂਦੀ। ਉਨ੍ਹਾਂ ਕਿਹਾ ਕਿ ਮਗਨਰੇਗਾ ਕਾਨੂੰਨ ਤਹਿਤ ਅੱਠ ਘੰਟੇ ਦੀ ਦਿਹਾੜੀ ਨਿਸਚਿਤ ਹੈ ਅਤੇ ਜਿਹੜੀ ਵੀ ਮਗਨਰੇਗਾ ਮਜ਼ਦੂਰ ਦਿਹਾੜੀ ਕਰਦਾ ਹੈ ਤਾਂ ਉਸ ਦੇ ਖਾਤੇ ਵਿਚ ਤੈਅਸ਼ੁਦਾ ਦਿਹਾੜੀ ਪਾਈ ਜਾਂਦੀ ਹੈ ਪਰੰਤੂ ਅਫ਼ਸੋਸ ਦੀ ਗੱਲ ਹੈ ਕਿ ਇਸ ਪਿੰਡ ਵਿਚ ਮਗਨਰੇਗਾ ਕੰਮਕਾਰ ਠੇਕੇ ਦੇ ਆਧਾਰ ’ਤੇ ਕਰਵਾਇਆ ਜਾਂਦਾ ਹੈ ਜੋ ਕਿ ਸ਼ਰ੍ਹੇਆਮ ਧੱਕੇਸ਼ਾਹੀ ਅਤੇ ਮਗਨਰੇਗਾ ਕਾਮਿਆਂ ਦੇ ਹੱਕਾਂ ਉਪਰ ਡਾਕਾ ਹੈ। ਇਸ ਨੂੰ ਜਥੇਬੰਦੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜਿਹੜੇ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਅਤੇ ਜਿਹੜੇ ਮਜ਼ਦੂਰਾਂ ਨੂੰ ਕੀਤੇ ਕੰਮ ਦੀ ਦਿਹਾੜੀ ਦੀ ਬਕਾਇਆ ਰਕਮ ਜਾਰੀ ਨਹੀਂ ਕੀਤੀ ਜਾ ਰਹੀ, ਉਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਅਜਿਹਾ ਕਰਨ ਵਾਲੇ ਜ਼ਿੰਮੇਵਾਰ ਲੋਕਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਮਗਨਰੇਗਾ ਮਜ਼ਦੂਰਾਂ ਨੂੰ ਪੂਰੇ ਇੱਕ ਸਾਲ ਲਈ ਕੰਮ ਦਿੱਤਾ ਜਾਵੇ, ਮਜ਼ਦੂਰਾਂ ਨੂੰ ਕੀਤੇ ਕੰਮਾਂ ਦਾ ਮਿਹਨਤਾਨਾ ਤੁਰੰਤ ਦਿੱਤਾ ਜਾਵੇ ਅਤੇ ਵੱਡੇ ਪੱਧਰ ’ਤੇ ਹੋ ਰਹੀ ਵਿਤਕਰੇਬਾਜ਼ੀ ਦੇ ਖ਼ਿਲਾਫ਼ ਐਕਸ਼ਨ ਲੈ ਕੇ ਉਸ ਦੀ ਜਾਂਚ ਕਰਵਾਈ ਜਾਵੇ। ਆਗੂਆਂ ਨੇ ਦੱਸਿਆ ਕਿ ਬੀਡੀਪੀਓ ਲੈਨਿਲ ਗਰਗ ਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨਦਿਆਂ ਭਰੋਸਾ ਦਿਵਾਇਆ ਕਿ ਪਿੰਡ ਵਿਚ ਦੌਰਾ ਕਰਕੇ ਸਮੁੱਚੇ ਕੰਮਕਾਜ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਮਗਨਰੇਗਾ ਮਜ਼ਦੂਰਾਂ ਨੂੰ ਕੀਤੇ ਕੰਮਾਂ ਦੀ ਅਦਾਇਗੀ ਕੀਤੀ ਜਾਵੇਗੀ। ਇਸ ਮੌਕੇ ਪਿੰਡ ਆਗੂ ਗਿਆਨ ਸਿੰਘ, ਕੌਰਾ ਸਿੰਘ, ਨਸੀਬ ਕੌਰ, ਕਰਨੈਲ ਕੌਰ ਆਦਿ ਸ਼ਾਮਲ ਸਨ।