ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਨਵੰਬਰ
ਮਗਨਰੇਗਾ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਮਗਨਰੇਗਾ ਮੁਲਾਜ਼ਮਾਂ ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦੂਜੇ ਦਿਨ ਵੀ ਰੋਸ ਧਰਨਾ ਦਿੱਤਾ ਗਿਆ ਅਤੇ ਬਲਾਕ ਭਵਾਨੀਗੜ੍ਹ ਦੇ ਗ੍ਰਾਮ ਸੇਵਕ ਦਾ ਕੰਟਰੈਕਟ ਬਹਾਲ ਕਰਨ ਦੀ ਮੰਗ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਬਲਵਿੰਦਰ ਸਿੰਘ ਤੇ ਮੁਹੰਮਦ ਆਸਿਫ਼ ਨੇ ਕਿਹਾ ਕਿ ਬਲਾਕ ਭਵਾਨੀਗੜ੍ਹ ਵਿੱਚ ਪਿਛਲੇ 12 ਸਾਲ ਤੋਂ ਤਨਦੇਹੀ ਨਾਲ ਕੰਮ ਕਰਦੇ ਬਹੁਤ ਹੀ ਹੋਣਹਾਰ, ਇਮਾਨਦਾਰ ਅਤੇ ਮਿਹਨਤੀ ਗਰਾਮ ਰੋਜ਼ਗਾਰ ਸੇਵਕ ਜਸਪ੍ਰੀਤ ਸਿੰਘ ਦਾ ਬਿਨਾਂ ਕਾਰਨ ਕੰਟਰੈਕਟ ਰੱਦ ਕਰ ਦਿੱਤਾ ਗਿਆ ਸੀ। ਇਸ ਬੇਇਨਸਾਫ਼ੀ ਤੋਂ ਰੋਹ ਵਿੱਚ ਆਏ ਸਮੂਹ ਮਗਨਰੇਗਾ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਸੀ। ਅੱਜ ਵਧੀਕੀ ਦਾ ਸ਼ਿਕਾਰ ਹੋਏ ਗ੍ਰਾਮ ਸੇਵਕ ਸਬੰਧੀ ਯੂਨੀਅਨ ਦਾ ਵਫ਼ਦ ਮੁੱਖ ਦਫ਼ਤਰ ਵਿੱਚ ਸਬੰਧਿਤ ਅਧਿਕਾਰੀਆਂ ਨੂੰ ਮਿਲਿਆ, ਜਿਨ੍ਹਾਂ ਦੋ ਦਿਨਾਂ ਵਿੱਚ ਜਸਪ੍ਰੀਤ ਸਿੰਘ ਦੀ ਬਹਾਲੀ ਦਾ ਭਰੋਸਾ ਦਿੱਤਾ। ਇਸ ’ਤੇ ਸਹਿਮਤੀ ਪ੍ਰਗਟਾਉਂਦਿਆਂ ਯੂਨੀਅਨ ਨੇ ਧਰਨਾ ਮੁਲਤਵੀ ਕਰਨ ਦਾ ਫੈਸਲਾ ਕੀਤਾ।