ਹਰਦੀਪ ਸਿੰਘ ਸੋਢੀ
ਧੂਰੀ, 8 ਮਾਰਚ
ਲੰਘੀ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਪਈਆਂ ਵੋਟਾਂ ’ਚ ਪੰਜਾਬ ਭਰ ‘ ਚ ਅਹਿਮ ਮੰਨੀ ਜਾਂਦੀ ਹਲਕਾ ਧੂਰੀ ਦੀ ਸੀਟ ਜਿੱਥੇ ਕਾਂਗਰਸ, ਆਪ, ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਦੇ ਉਮੀਦਵਾਰਾਂ ਸਮੇਤ ਇੱਕ ਦਰਜਨ ਉਮੀਦਵਾਰ ਆਪੋ-ਆਪਣੀ ਕਿਸਮਤ ਅਜ਼ਮਾ ਰਹੇ ਹਨ। 10 ਮਾਰਚ ਨੂੰ ਲੋਕਾਂ ਦੀ ਲੰਮੀ ਉਡੀਕ ਖਤਮ ਹੋ ਰਹੀ ਹੈ, ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਹਲਕੇ ‘ ਚ 2017 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਅਸਲ ਮੁਕਾਬਲਾ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਤੇ ਆਪ ਦੇ ਉਮੀਦਵਾਰ ਭਗਵੰਤ ਮਾਨ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਇਹ ਤਾਂ ਵੋਟਾਂ ਦੀ ਗਿਣਤੀ ਮਗਰੋਂ ਹੀ ਪਤਾ ਲੱਗੇਗਾ ਕਿ ਕੀ ਇਸ ਵਾਰ ਦਲਬੀਰ ਸਿੰਘ ਗੋਲਡੀ ਧੂਰੀ ਹਲਕੇ ’ਤੇ ਆਪਣਾ ਕਬਜ਼ਾ ਬਰਕਰਾਰ ਰਖਦੇ ਹਨ ਜਾਂ ਫੇਰ ਆਪ ਦੇ ਭਗਵੰਤ ਮਾਨ ਬਾਜ਼ੀ ਮਾਰ ਕੇ ਧੂਰੀ ਨੂੰ ਮੁੱਖ ਮੰਤਰੀ ਦਾ ਹਲਕਾ ਬਣਾਉਣ ’ਚ ਸਫ਼ਲ ਹੋਣਗੇ, ਕਿਉਂਕਿ ਪੰਜਾਬ ਤੋਂ ਇਲਾਵਾ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਨਜ਼ਰਾਂ ਧੂਰੀ ਹਲਕੇ ’ਤੇ ਟਿਕੀਆਂ ਹੋਈਆਂ ਹਨ। ਇਸ ਵਾਰ ਸ਼ਹਿਰ ਦੇ 21 ਵਾਰਡਾਂ ਅਤੇ 72 ਪਿੰਡਾਂ ਵਾਲੇ ਹਲਕਾ ਧੂਰੀ ਦੇ ਕਰੀਬ 1,65,053 ਵੋਟਰਾਂ ’ਚੋਂ 1,27,703 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ।
ਦੱਸਣਯੋਗ ਹੈ ਕਿ ਚੋਣਾਂ ’ਚ ਸ਼ਹਿਰ ਦੀਆਂ ਕਰੀਬ 43,335 ਵੋਟਾਂ ’ਚੋਂ ਕਰੀਬ 31,172 ਵੋਟਾਂ ਪੋਲ ਹੋਈਆਂ ਅਤੇ ਇਸ ਵਾਰ ਪਿਛਲੀ ਵਾਰ ਦੇ ਮੁਕਾਬਲੇ ਸ਼ਹਿਰ ’ਚ ਘੱਟ ਪ੍ਰਤੀਸ਼ਤ ਵੋਟਾਂ ਪੋਲ ਹੋਣ ਦਾ ਨੁਕਸਾਨ ਕਾਂਗਰਸ ਤੇ ਆਪ ਨੂੰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਧੂਰੀ ਸੀਟ ਅਹਿਮ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਵਾਲੇ ਦਿਨ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਲਗਾਤਾਰ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਐਸਪੀ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪੰਜ ਹਲਕਿਆਂ ਤੋਂ ਇਲਾਵਾ ਜ਼ਿਲ੍ਹਾ ਮਾਲੇਰਕੋਟਲਾ ਦੇ ਦੋ ਹਲਕਿਆਂ ਦੀ ਗਿਣਤੀ ਵੀ ਦੇਸ਼ ਭਗਤ ਕਾਲਜ ਟਰੱਸਟ ਦੇ ਕੰਪਲੈਕਸ ਅੰਦਰ ਵੱਖ ਵੱਖ ਥਾਈਂ ਹੋ ਰਹੀ ਹੈ ਅਤੇ ਇਸ ਲਈ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ ਤੇ ਇਸ ਲਈ ਸ਼ਹਿਰ ਅੰਦਰ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਅਤੇ ਪੰਜਾਬ ਪੁਲੀਸ ਦੇ ਵੱਡੇ ਅਧਿਕਾਰੀਆਂ ਨੇ ਸ਼ਹਿਰ ਅੰਦਰ ਡੇਰੇ ਲਾਏ ਹੋਏ ਹਨ।