ਮਹਿੰਦਰ ਕੌਰ ਮੰਨੂ
ਸੰਗਰੂਰ, 13 ਸਤੰਬਰ
ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਨੇ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਯਾਦਾ ਅਤੇ ਸਤਿਕਾਰ ਲਈ ਹੋਂਦ ਵਿੱਚ ਆਈਆਂ ਸਤਿਕਾਰ ਕਮੇਟੀਆਂ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦਿੱਤੇ ਗੁੰਮਰਾਹਕੁੰਨ ਬਿਆਨ ਨੂੰ ਬਹੁਤ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਸਿੱਖ ਕੌਮ ਅੰਦਰ ਘਰੇਲੂ ਲੜਾਈ ਵਰਗੇ ਹਾਲਾਤ ਪੈਦਾ ਕਰਨ ਦੇ ਤੁੱਲ ਹੈ।
ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਇਕ ਬਿਆਨ ਰਾਹੀਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਹੁਣ ਜੁੱਗੋ ਜੁੱਗ ਅਟੱਲ ਗੁਰੂ ਗਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਦੇ ਅਸਲ ਮੁੱਦੇ ਤੋਂ ਸੰਗਤ ਦਾ ਧਿਆਨ ਹਟਾਉਣ ਲਈ ਕੋਝੀਆਂ ਸਾਜਿਸ਼ਾਂ ਘੜ ਰਹੇ ਹਨ। ਸਤਿਕਾਰ ਕਮੇਟੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਅਤੇ ਸੰਭਾਲ ਨਾ ਕਰ ਸਕਣ ਦੇ ਰੋਸ ਵਿੱਚ ਪ੍ਰਦਰਸ਼ਨ ਕਰਨਾ ਹੈ। ਜਿਸ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੁਖਲਾਹਟ ਵਿੱਚ ਆ ਕੇ ਪੰਥਕ ਜਥੇਬੰਦੀਆਂ ਖ਼ਿਲਾਫ਼ ਬੋਲਣ ਉੱਤੇ ਉਤਾਰੂ ਹੋ ਗਏ ਹਨ। ਸ਼੍ਰੀ ਢੀਂਡਸਾ ਨੇ ਕਿਹਾ ਕਿ ਸਾਰਾ ਸਿੱਖ ਜਗਤ ਜਾਣਦਾ ਹੈ ਕਿ ਇਹ ਸਿੱਖ ਜਥੇਬੰਦੀਆਂ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਮਾਣ ਮਰਿਯਾਦਾ ਰੱਖਣ ਲਈ ਹੀ ਕਾਇਮ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਪਰ ਸਿੱਖ ਪੰਥ ਦੇ ਸੰਵੇਦਨਸ਼ੀਲ ਮੁੱਦਿਆਂ ਸਬੰਧੀ ਦਬਾਅ ਪਾਇਆ ਜਾ ਰਿਹਾ ਹੈ ਲਤੇ ਇਹ ਭੜਕਾਹਟ ਦਾ ਹੀ ਨਤੀਜਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਬਣਦੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਦੇ ਗੁੰਮ ਹੋਏ ਪਾਵਨ ਸਰੂਪਾਂ ਸਬੰਧੀ ਸਿੱਖ ਜਗਤ ਵਿੱਚ ਵਿਆਪਕ ਪੱਧਰ ’ਤੇ ਰੋਸ ਹੈ। ਸੰਗਤ ਦੇ ਸਵਾਲਾਂ ਦਾ ਜਵਾਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜ਼ਰੂਰ ਦੇਣਾ ਪਵੇਗਾ। ਉਨ੍ਹਾਂ ਸੰਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਸਲ ਮੁੱਦੇ ਤੋਂ ਭੜਕਾਉਣ ਦੇ ਯਤਨਾਂ ਨੂੰ ਕਿਸੇ ਕੀਮਤ ’ਤੇ ਸਫਲ ਨਾ ਹੋਣ ਦਿੱਤਾ ਜਾਵੇ।