ਜਗਤਾਰ ਸਿੰਘ ਨਹਿਲ
ਲੌਂਗੋਵਾਲ, 2 ਨਵੰਬਰ
ਲੌਂਗੋਵਾਲ ਪਿਛਲੇ ਕਈ ਦਿਨਾਂ ਤੋਂ ਡੇਂਗੂ ਦੀ ਮਾਰ ਕਾਰਨ ਹੋਈਆਂ 5 ਮੌਤਾਂ ਤੋਂ ਬਾਅਦ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਹੈ ਪਰ ਸਫ਼ਾਈ ਪੱਖੋਂ ਸ਼ਹਿਰ ਦੇ ਹਾਲਾਤ ਅਜੇ ਵੀ ਮਾੜੇ ਬਣੇ ਹੋਏ ਹਨ। ਇਸ ਦੀ ਤਾਜ਼ਾ ਮਿਸਾਲ ਅੱਜ ਇੱਥੋਂ ਦੀ ਅਤਿ ਮਹੱਤਵਪੂਰਨ ਅਤੇ ਲੌਂਗੋਵਾਲ ਦੇ ਦਿਲ ਵਜੋਂ ਜਾਣੀ ਜਾਂਦੀ ਥਾਂ ਰਾਮਲੀਲ੍ਹਾ ਮੈਦਾਨ ’ਚ ਲੱਗੇ ਗੰਦਗੀ ਦੇ ਢੇਰਾਂ ਤੋਂ ਮਿਲਦੀ ਹੈ। ਮੁੱਖ ਬਾਜ਼ਾਰ, ਬੈਂਕਾਂ, ਸਕੂਲ ਅਤੇ ਹੋਰ ਅਦਾਰੇ ਸ਼ਹਿਰ ਦੀ ਸੰਘਣੀ ਵਸੋਂ ਵਿਚ ਹੋਣ ਕਾਰਨ ਰਾਮਲੀਲ੍ਹਾ ਮੈਦਾਨ ਹੀ ਅਜਿਹੀ ਥਾਂ ਹੈ, ਜਿੱਥੇ ਬਾਹਰੋਂ ਆਉਣ ਵਾਲੇ ਲੋਕ ਆਪਣੀਆਂ ਗੱਡੀਆਂ ਪਾਰਕ ਕਰਕੇ ਸ਼ਹਿਰ ’ਚ ਜਾਂਦੇ ਹਨ। ਇਸ ਥਾਂ ਨੂੰ ਫੂਡ ਸਟਰੀਟ ਵਜੋਂ ਵੀ ਜਾਣਿਆਂ ਜਾਂਦਾ ਹੈ ਪਰ ਇੱਥੇ ਲੱਗੇ ਗੰਦਗੀ ਦੇ ਢੇਰਾਂ ਨਾਲ ਸਿਰਫ ਨੇੜਲੇ ਬਸ਼ੰਦਿਆਂ, ਦੁਕਾਨਦਾਰਾਂ ਅਤੇ ਰਾਹਗੀਰਾਂ ਦਾ ਜਿਊਣਾ ਮੁਹਾਲ ਹੀ ਨਹੀਂ ਹੋ ਰੱਖਿਆ, ਸਗੋਂ ਗੰਦਗੀ ਦੀਆਂ ਮੱਖੀਆਂ ਨੇੜੇ ਖੜ੍ਹੀਆਂ ਖਾਣ ਪੀਣ ਵਾਲੀਆਂ ਰੇਹੜੀਆਂ ’ਤੇ ਭਿਣਕਦੀਆਂ ਰਹਿੰਦੀਆਂ ਹਨ ਅਤੇ ਸ਼ਰੇਆਮ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਹਨ। ਨੇੜਲੇ ਦੁਕਾਨਦਾਰਾਂ ਜਗਸੀਰ ਸਿੰਘ, ਰਾਜ ਕੁਮਾਰ, ਪ੍ਰਵੀਨ ਕੁਮਾਰ, ਮਦਨ ਲਾਲ ਆਦਿ ਨੇ ਮੰਗ ਕੀਤੀ ਹੈ ਕਿ ਇੱਥੇ ਨਿੱਤ ਲੱਗਦੇ ਗੰਦਗੀ ਦੇ ਢੇਰਾਂ ਨੂੰ ਬੰਦ ਕਰਵਾਇਆ ਜਾਵੇ। ਖਬਰ ਲਿਖੇ ਜਾਣ ਤੱਕ ਨਗਰ ਕੌਂਸਲ ਵਲੋਂ ਗੰਦਗੀ ਦੇ ਢੇਰਾਂ ਨੂੰ ਚੁਕਵਾਉਣ ਦੀ ਕਵਾਇਦ ਆਰੰਭ ਕਰ ਦਿੱਤੀ ਗਈ ਸੀ।