ਪੱਤਰ ਪ੍ਰੇਰਕ
ਲੌਂਗੋਵਾਲ, 23 ਜੂਨ
ਜੁਆਇੰਟ ਅਲਾਇਡ ਇੰਡੀਪੈਡੈਂਟ ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਪੰਜਾਬ (ਜੈਮਲਾਪ) ਦੀ ਸੂਬਾ ਕਮੇਟੀ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਲੌਂਗੋਵਾਲ ਕਸਬੇ ਦੀਆਂ ਸਾਰੀਆਂ ਲੈਬਾਰਟਰੀਆਂ ਬੰਦ ਰਹੀਆਂ। ਐਸੋਸੀਏਸ਼ਨ ਦੇ ਬਲਾਕ ਲੌਂਗੋਵਾਲ ਚੀਮਾ ਦੇ ਪ੍ਰਧਾਨ ਜਗਤਾਰ ਸਿੰਘ ਨਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਕਲੀਨੀਕਲ ਐਸਟੈਬਲਿਸ਼ਮੈਂਟ ਐਕਟ ਲਾਗੂ ਕਰਨ ਜਾ ਰਹੀ ਹੈ। ਸਰਕਾਰ ਸੀਈ ਐਕਟ ਵਿੱਚ ਪ੍ਰਾਈਵੇਟ ਲੈਬਾਰਟਰੀਆਂ ਦੇ ਵਿਰੁੱਧ ਕਾਨੂੰਨ ਪਾਸ ਕਰ ਕੇ 50 ਹਜ਼ਾਰ ਬੰਦੇ ਨੂੰ ਸਿੱਧਾ ਅਤੇ 2.5 ਲੱਖ ਬੰਦੇ ਅਸਿੱਧੇ ਤੌਰ ’ਤੇ ਬੇਰੁਜ਼ਗਾਰ ਕਰ ਰਹੀ ਹੈ। ਇਸ ਐਕਟ ਵਿੱਚ ਲੈਬਾਰਟਰੀ ਚਲਾਉਣ ਲਈ ਘੱਟੋ-ਘੱਟ ਤਿੰਨ ਕਮਰੇ ਅਤੇ 3 ਐਮਐਸਸੀ ਟੈਕਨੀਸ਼ਨਾਂ ਦੀ ਮੰਗ ਕਰ ਰਹੀ। ਸਰਕਾਰ ਇਹ ਐਕਟ ਪਾਸ ਕਰ ਕੇ 15 ਤੋਂ 30 ਹਜ਼ਾਰ ਕਮਾਉਣ ਵਾਲੀਆਂ ਛੋਟੀਆਂ ਲੈਬਾਰਟਰੀਆਂ ਨੂੰ ਖ਼ਤਮ ਕਰਨ ਜਾ ਰਹੀ ਹੈ। ਇਸ ਨਾਲ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ (ਲੈਬਾਰੇਟਰੀਆਂ) ਨੂੰ ਤਾਕਤ ਦੇ ਰਹੀ ਹੈ ਤਾਂ ਜੋ ਉਹ ਆਪਣੀ ਮਨਮਰਜ਼ੀ ਦੇ ਭਾਅ ਵਧਾ ਕੇ ਲੋਕਾਂ ਨੂੰ ਲੁੱਟ ਸਕਣ। ਇਸ ਲਈ ਅੱਜ ਪੰਜਾਬ ਬੰਦ ਦੇ ਸੱਦੇ ਤਹਿਤ ਲੌਂਗੋਵਾਲ ਕਸਬੇ ਦੀਆਂ ਸਮੂਹ ਲੈਬਾਰਟਰੀਆਂ ਮੁਕੰਮਲ ਬੰਦ ਰਹੀਆਂ।