ਪੱਤਰ ਪ੍ਰੇਰਕ
ਲਹਿਰਾਗਾਗਾ, 3 ਫਰਵਰੀ
ਨੇੜਲੇ ਪਿੰਡ ਚੂੜਲ ਕਲਾਂ ਵਿੱਚ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੱਕ ਵਿੱਚ ਉਨ੍ਹਾਂ ਦੀ ਧੀ ਨੇ ਘਰ-ਘਰ ਚੋਣ ਪ੍ਰਚਾਰ ਕੀਤਾ।
ਬੀਬਾ ਹਰਮਨਜੋਤ ਕੌਰ ਲੌਂਗੋਵਾਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡਾਂ ਵਿਚ ਗਲੀਆਂ, ਨਾਲੀਆਂ ਅਤੇ ਪੀਣ ਵਾਲੇ ਸਾਫ ਪਾਣੀ ਦੇ ਕੋਈ ਪ੍ਰਬੰਧ ਨਹੀਂ ਹਨ। ਅਕਾਲੀ-ਬਸਪਾ ਸਰਕਾਰ ਬਣਨ ‘ਤੇ ਹਲਕੇ ਦੇ ਪਿੰਡਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਅਤੇ ਸਿਹਤ, ਸਿੱਖਿਆ ਦੀ ਹਾਲਤ ਸੁਧਾਰੀ ਜਾਵੇਗੀ। ਗਰੀਬਾਂ ਦੀ ਭਲਾਈ ਦੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾਵੇਗਾ। ਬੀਬਾ ਹਰਮਨਜੋਤ ਕੌਰ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਵਿਧਾਨ ਸਭਾ ਵਿਚ ਜਾ ਕੇ ਲਹਿਰਾਗਾਗਾ ਹਲਕੇ ਦੀ ਆਵਾਜ਼ ਚੁੱਕ ਸਕਣ।
ਅਕਾਲੀ ਉਮੀਦਵਾਰ ਬਰਾੜ ਨੇ ਕੀਤੀ ਚੋਣ ਮੀਟਿੰਗ
ਰਾਜਪੁਰਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਹਲਕਾ ਰਾਜਪੁਰਾ ਤੋਂ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਸ਼ਹਿਰੀ ਖੇਤਰ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆ ਆਖਿਆ ਕਿ ਗੱਠਜੋੜ ਰਾਜਪੁਰਾ ਸੀਟ ਅਕਾਲੀ ਦਲ ਦੀ ਝੋਲੀ ਵਿੱਚ ਪਾ ਕੇ ਇਤਿਹਾਸ ਰਚੇ। ਬਰਾੜ ਨੇ ਕਿਹਾ ਕਿ ਰਾਜਪੁਰਾ ਦੇ ਲੋਕਾਂ ਨੇ ਕਾਂਗਰਸ ਅਤੇ ਭਾਜਪਾ ਨੂੰ ਕਈ ਮੌਕੇ ਦਿੱਤੇ ਪਰ ਹੁਣ 40 ਸਾਲ ਬਾਅਦ ਫਿਰ ਤੋਂ ਭਰੋਸੇਮੰਦ ਪਾਰਟੀ ’ਤੇ ਵਿਸ਼ਵਾਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੋ ਦਿਨ ਪਹਿਲਾਂ ਸੱਤਾਧਾਰੀਆਂ ਦੇ ਬੰਦਿਆਂ ਨੇ ਕਿਸਾਨਾਂ ਦੇ ਘਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਨੇ ਤਾਂ ਰਾਜਪੁਰਾ ਦੇ ਹਾਲਾਤ ਬਿਹਾਰ ਤੋਂ ਵੀ ਮਾੜੇ ਕਰ ਦਿੱਤੇ ਹਨ। ਅਕਾਲੀ ਦਲ ਇਹ ਕਦੇ ਵੀ ਸਹਿਣ ਨਹੀਂ ਕਰੇਗਾ।