ਰਮੇਸ਼ ਭਾਰਦਵਾਜ
ਲਹਿਰਾਗਾਗਾ, 10 ਜੁਲਾਈ
ਮੋਦੀ ਸਰਕਾਰ ਵੱਲੋਂ ਯੂਟਿਊਬ ’ਤੇ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ਉੱਤੇ ਪਾਬੰਦੀ ਲਾਉਣ ਵਿਰੁੱਧ ਸਥਾਨਕ ਲੋਕ ਚੇਤਨਾ ਮੰਚ ਵੱਲੋਂ ਲਹਿਰਾਗਾਗਾ-ਸੁਨਾਮ ’ਤੇ ਘੱਗਰ ਬ੍ਰਾਂਚ ਨਹਿਰ ਦੇ ਪੁਲ ’ਤੇ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਮੋਦੀ ਸਰਕਾਰ ਦੇ ਇਸ ਕਦਮ ਨੂੰ ਕਲਾ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ। ਲੋਕ ਚੇਤਨਾ ਮੰਚ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਦੇ ਕਾਰਕੁਨ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਖੜ੍ਹੇ ਹੋਏ ਸਨ।
ਮੰਚ ਦੇ ਆਗੂਆਂ ਤੇ ਕਾਰਕੁਨਾਂ ਨੇ ਕਿਹਾ ਕਿ ਕੰਵਰ ਗਰੇਵਾਲ ਦੇ ਗੀਤ ਵਿੱਚ ਕੁਝ ਵੀ ਗਲਤ ਨਹੀਂ। ਗੀਤ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦੀ ਮੰਗ ਉਭਾਰੀ ਗਈ ਹੈ ਅਤੇ ਕੇਂਦਰੀ ਹਕੂਮਤ ਨੂੰ ਤਾਅਨਾ ਮਾਰਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ ਤੇ ਰੋਸ ਜ਼ਾਹਿਰ ਕਰਨਾ ਲੋਕਾਂ ਦਾ ਸੰਵਿਧਾਨਕ ਹੱਕ ਹੈ। ਜ਼ਿਕਰਯੋਗ ਹੈ ਕਿ ਇੱਕ ਮਹੀਨੇ ਦੇ ਅੰਦਰ ਇਹ ਦੂਜਾ ਮੌਕਾ ਹੈ ਜਦੋਂ ਕਿਸੇ ਪੰਜਾਬੀ ਗਾਇਕ ਦੇ ਗੀਤ ਨੂੰ ਯੂਟਿਊਬ ਤੋਂ ਹਟਾਇਆ ਗਿਆ ਹੈ। ਇਸ ਤੋਂ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਐੱਸਵਾਈਐੱਲ ਨੂੰ ਮੋਦੀ ਸਰਕਾਰ ਦੇ ਹੁਕਮ ’ ਤੇ ਯੂਟਿਊਬ ਤੋਂ ਹਟਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਗੀਤ ਦੇ ਬੋਲਾਂ ਨਾਲ ਕਿਸੇ ਦੀ ਅਸਹਿਮਤੀ ਹੋ ਸਕਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਗੀਤ ’ਤੇ ਪਾਬੰਦੀ ਲਾ ਦਿੱਤੀ ਜਾਵੇ। ਅਜਿਹਾ ਕਰਨਾ ਤਾਨਾਸ਼ਾਹੀ ਹੈ ਜਿਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਮੰਚ ਦੇ ਸਕੱਤਰ ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਰਣਜੀਤ ਲਹਿਰਾ, ਪੂਰਨ ਸਿੰਘ ਖਾਈ, ਰਾਮਚੰਦਰ ਸਿੰਘ ਖਾਈ, ਸੁਖਦੇਵ ਚੰਗਾਲੀਵਾਲਾ, ਜਸਵਿੰਦਰ ਗਾਗਾ, ਹਰੀ ਸਿੰਘ ਅੜਕਵਾਸ, ਵਰਿੰਦਰ ਭੁਟਾਲ, ਜਤਿੰਦਰ ਅਤੇ ਮੇਜਰ ਸਿੰਘ ਲਹਿਰਾ ਆਦਿ ਹਾਜ਼ਰ ਸਨ।