ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਜਨਵਰੀ
ਲਾਈਫ ਗਾਰਡ ਵਿਦਿਅਕ ਸੰਸਥਾਵਾ ਵੱਲੋਂ ਅੱਜ ਲੋਹੜੀ ਦਾ ਪਵਿੱਤਰ ਤਿਉਹਾਰ ਪੰਜਾਬੀ ਸੱਭਿਆਚਾਰਕ ਮੇਲੇ ਵਜੋਂ ਮਨਇਆ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਨਵੇਂ ਸੰਕਲਪਾਂ ਤੇ ਪ੍ਰਣ ਕਰਨ ਵਾਲਾ ਹੈ ਤਾਂ ਜੋ ਅਸੀਂ ਮਿਹਨਤ ਦਾ ਲੜ ਫੜ ਕੇ ਅੱਗੇ ਵਧ ਸਕੀਏ ਤੇ ਸੰਸਥਾ ਦਾ ਨਾਂ ਰੋਸ਼ਨ ਕਰ ਸਕੀਏ। ਡਾ. ਚਰਨਜੀਤ ਸਿੰਘ ਉਡਾਰੀ ਨੇ ਕਿਹਾ ਕਿ ਸਾਡੇ ਤਿਉਹਾਰ, ਸਾਡੀਆਂ ਰੁੱਤਾਂ ਕਿਸਾਨੀ ਜ਼ਿੰਦਗੀ ਨਾਲ ਜੁੜੇ ਹਨ। ਸਹਾਰਾ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ ਤੇ ਡਾ. ਦਿਨੇਸ਼ ਗਰੋਵਰ ਨੇ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਟੀ ਜੈਆ ਰਾਣੀ ਤੇ ਮੈਡਮ ਪਰਵਿੰਦਰ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸੰਸਥਾ ਦੇ ਵਿਦਿਆਰਥੀਆਂ ਨੇ ਗਿੱਧੇ, ਭੰਗੜੇ ਤੇ ਗੀਤਾ ਨਾਲ ਰੰਗ ਬੰਨ੍ਹ ਦਿੱਤਾ। ਕਸ਼ਮੀਰੀ ਵਿਦਿਆਰਥੀਆਂ ਨੇ ਸਮਾਗਮ ’ਚ ਕੇਸਰ ਦੀਆਂ ਮਹਿਕਾਂ ਬਿਖੇਰ ਦਿੱਤੀਆਂ। ਪ੍ਰਿੰਸੀਪਲ ਹਰਿੰਦਰ ਸਿੰਘ ਗਰੇਵਾਲ, ਪ੍ਰਿਸਿੰਪਲ ਸਤਿਦੰਰ ਕੌਰ, ਪ੍ਰਿੰਸੀਪਲ ਸਿਮਰਨਜੋਤ ਵੱਲੋਂ ਸ਼ਾਮਲ ਹੋਏ ਸੱਜਣਾਂ ਨੂੰ ਮੁੰਗਫਲੀ-ਰਿਉੜੀ ਵੰਡੀ।
ਸਿਹਤ ਵਿਭਾਗ ਨੇ ਨਵ-ਜਨਮੇ ਬੱਚਿਆਂ ਦੀ ਲੋਹੜੀ ਮਨਾਈ
ਪਟਿਆਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲ ਵਿੱਚ ਨਵ-ਜਨਮੇ ਬੱਚਿਆਂ ਦੀ ਲੋਹੜੀ ਮਨਾਈ ਗਈ। ਇਸ ਦੌਰਾਨ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਲੋਹੜੀ ਦੇ ਤਿਉਹਾਰ ਮੌਕੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਵਾਰਡਾਂ ਵਿੱਚ ਜਾ ਕੇ ਨਵ ਜਨਮੇ ਬੱਚਿਆਂ ਲਈ ਕੰਬਲ ਅਤੇ ਮਿਠਾਈ ਦੀ ਵੰਡ ਵੀ ਕੀਤੀ ਗਈ। ਨਵ ਜਨਮੇ ਬੱਚਿਆਂ ਦੇ ਪਰਿਵਾਰਾਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਉਨ੍ਹਾਂ ਨੇ ਮਾਵਾਂ ਨੂੰ ਕਿਹਾ ਕਿ ਉਹ ਨਵ ਜਨਮੇ ਬੱਚਿਆਂ ਨੁੰ ਛੇ ਮਹੀਨੇ ਤੱਕ ਕੇਵਲ ਆਪਣਾ ਦੁੱਧ ਹੀ ਪਿਲਾਉਣ ਤੇ ਪੂਰਾ ਟੀਕਾਕਰਨ ਯਕੀਨੀ ਬਣਾਉਣ ਤਾਂ ਜੋ ਬੱਚੇ ਸਿਹਤਮੰਦ ਰਹਿਣ।