ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 5 ਮਈ
ਕਰੋਨਾ ਮਹਾਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਜਾਰੀ ਕੀਤੀਆਂ ਨਵੀਆਂ ਸਖਤ ਹਿਦਾਇਤਾਂ ਤੋਂ ਪ੍ਰੇਸ਼ਾਨ ਹੋਏ ਦੁਕਾਨਦਾਰਾਂ ਨੇ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਉੱਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ , ਹਰਭਜਨ ਸਿੰਘ ਹੈਪੀ, ਜਸਵਿੰਦਰ ਸਿੰਘ ਪ੍ਰਿੰਸ ਆਗੂ ਵਾਪਰ ਮੰਡਲ ਸੰਗਰੂਰ, ਮੱਖਣ ਕਾਂਸਲ, ਦੀਪ ਸਰਾਓ, ਜੋਨੀ ਕੁਮਾਰ ਅਤੇ ਬਲਦੇਵ ਕੁਮਾਰ ਨੇ ਕਿਹਾ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਵਿੱਚ ਕੱਪੜਾ, ਰੇਡੀਮੇਡ ਕੱਪੜੇ, ਜੁੱਤੇ, ਬਿਜਲੀ ਦੇ ਸਾਮਾਨ ਅਤੇ ਰਿਪੇਅਰ, ਫੋਟੋਗ੍ਰਾਫਰ ਹੇਅਰ ਡਰੈਸਰ ਸਮੇਤ ਹੋਰ ਕਈ ਟਰੇਡਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਨਾ ਦਿੱਤੇ ਜਾਣ ਦੇ ਕਾਰਣ ਦੁਕਾਨਦਾਰਾਂ ਵਿੱਚ ਭਾਰੀ ਰੋਸ ਫੈਲ ਗਿਆ ਹੈ। ਟੈਕਸਾਂ ਦੀ ਵਸੂਲੀ ਵੀ ਸਰਕਾਰ ਵੱਲੋਂ ਉਸੇ ਤਰ੍ਹਾਂ ਕੀਤੀ ਜਾ ਰਹੀ ਹੈ ਤਾਂ ਫਿਰ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਬੰਦ ਰੱਖ ਕੇ ਕਿਸ ਤਰ੍ਹਾਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਗੇ। ਉਨ੍ਹਾਂ ਮੰਗ ਕੀਤੀ ਸਰਕਾਰ ਜਾਂ ਤਾਂ ਸਾਰੇ ਕਾਰੋਬਾਰਾਂ ਨੂੰ ਹੀ ਖੋਲ੍ਹਣ ਦੀ ਆਗਿਆ ਦੇਵੇ ਜਾਂ ਫਿਰ ਦੁਕਾਨਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕਰੇ, ਅਖੀਰ ਦੋ ਘੰਟਿਆਂ ਬਾਅਦ ਦੁਕਾਨਦਾਰਾਂ ਨੇ ਆਪਣੀਆਂ ਸਾਰੀਆਂ ਦੁਕਾਨਾਂ ਖੋਲ੍ਹਣ ਦਾ ਐਲਾਨ ਕਰਕੇ ਧਰਨਾ ਸਮਾਪਤ ਕਰ ਦਿੱਤਾ ।
ਧੂਰੀ (ਹਰਦੀਪ ਸਿੰਘ ਸੋਢੀ): ਕਰੋਨਾ ਲਾਗ ਦੇ ਫ਼ੈਲਾਅ ਨੂੰ ਠੱਲ੍ਹ ਪਾਉਣ ਲਈ ਜਿੱਥੇ ਸਰਕਾਰਾਂ ਵੱਲੋਂ ਅੱਧ-ਅਧੂਰੇ ਲਾਕਡਾਊਨ ਲਗਾਏ ਜਾ ਰਹੇ ਹਨ, ਉਥੇ ਅਜਿਹੇ ਲੰਗੜੇ ਲਾਕਡਾਊਨ ਨੂੰ ਲੈ ਕੇ ਦੁਕਾਨਦਾਰਾਂ ਦੇ ਨਾਲ-ਨਾਲ ਆਮ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਸ ਅਧੂਰੇ ਲਾਕਡਾਊਨ ਦੌਰਾਨ ਜਿੱਥੇ ਜ਼ਰੂਰੀ ਸੇਵਾਵਾਂ ਦੀ ਵਿਆਖਿਆ ਕਰਦਿਆਂ ਕਰਿਆਨਾ, ਫਲ ਫਰੂਟ, ਸਬਜ਼ੀਆਂ, ਦੁੱਧ ਡੇਅਰੀ, ਖਾਦ, ਕੀੜੇਮਾਰ ਦਵਾਈਆਂ ਅਤੇ ਮੋਟਰ ਪਾਇਪਾਂ ਆਦਿ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਉਥੇ ਕੱਪੜੇ, ਰੈਡੀਮੇਡ ਗਾਰਮੈਂਟਸ, ਬਸਾਤੀ, ਬੂਟਾਂ ਸਮੇਤ ਹੋਰ ਦੁਕਾਨਾਂ ਨੂੰ ਗੈਰਜ਼ਰੂਰੀ ਸੇਵਾਵਾਂ ਮੰਨਦਿਆਂ ਖੋਲ੍ਹਣ ਦੀ ਮਨਾਹੀ ਕੀਤੇ ਜਾਣ ਨੂੰ ਲੈ ਕੇ ਅਜਿਹੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਕਰੋਨਾ ਲਾਗ ਦੇ ਪਿਛਲੇ ਸਾਲ ਲੱਗੇ ਲਾਕਡਾਊਨ ਦੌਰਾਨ ਲੋਕਾਂ ਨੂੰ ਆਰਥਿਕ ਤੌਰ ’ਤੇ ਵੱਡੀ ਮਾਰ ਝੱਲਣੀ ਪਈ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਸਕੱਤਰ ਪ੍ਰਮੋਦ ਗੁਪਤਾ ਅਤੇ ਸਿਟੀ ਵਪਾਰ ਮੰਡਲ ਧੂਰੀ ਦੇ ਚੇਅਰਮੈਨ ਅਮਰਜੀਤ ਸਿੰਘ ਕੋਹਲੀ, ਪ੍ਰਧਾਨ ਕੇਵਲ ਕ੍ਰਿਸ਼ਨ ਕੇਬੀ ਨੇ ਸਰਕਾਰ ਦੇ ਅਧੂਰੇ ਲਾਕਡਾਊਨ ਦੀ ਨਿੰਦਾ ਕੀਤੀ।