ਪੱਤਰ ਪ੍ਰੇਰਕ
ਦੇਵੀਗੜ੍ਹ, 13 ਜੂਨ
ਪੰਜਾਬ ਸਰਕਾਰ ਵੱੱਲੋਂ ਕਰੋਨਾ ਸੰਕਟ ਦੌਰਾਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਗਿਆ ਅਤੇ ਜ਼ਰੂਰੀ ਸਾਮਾਨ ਅਤੇ ਸ਼ਰਾਬ ਦੇ ਠੇਕੇ ਖੋਲ੍ਹਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ, ਪਰ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਉਦਯੋਗ ਹਫ਼ਤੇ ਦੇ ਸੱਤੇ ਦਿਨ ਖੁੱਲ੍ਹੇ ਰਹਿਣਗੇ। ਇਸ ਸਬੰਧੀ ਭੰਬਲਭੂਸੇ ਕਾਰਨ ਅੱਜ ਸਵੇਰੇ ਜਦੋਂ ਦੇਵੀਗੜ੍ਹ ਦੇ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹੀਆਂ ਤਾਂ ਸਥਾਨਕ ਪੁਲੀਸ ਨੇ ਸਪੀਕਰ ਰਾਹੀਂ ਬੋਲ ਕੇ ਦੁਕਾਨਾਂ ਬੰਦ ਕਰਵਾ ਦਿੱਤੀਆਂ, ਜਿਸ ਕਾਰਨ ਦੁਕਾਨਦਾਰ ਬਹੁਤ ਪ੍ਰੇਸ਼ਾਨ ਹੋਏ।
ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਨਿਚਰਵਾਰ ਦੁਕਾਨਾਂ 5 ਵਜੇ ਸ਼ਾਮ ਨੂੰ ਬੰਦ ਕਰਨ ਅਤੇ ਐਤਵਾਰ ਨੂੰ ਮੁਕੰਮਲ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਾਰੇ ਹੁਕਮ ਬਾਰੇ ਦੁਕਾਨਦਾਰਾਂ ਨੂੰ ਬਾਅਦ ਵਿੱਚ ਜਦੋਂ ਪਤਾ ਲੱਗਾ ਕਿ ਸ਼ਨਿਚਰਵਾਰ ਨੂੰ ਦੁਕਾਨਾਂ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਤਾਂ ਬਾਅਦ ’ਚ ਕਾਫ਼ੀ ਦੁਕਾਨਦਾਰਾਂ ਨੇ ਮੁੜ ਘਰੋਂ ਆ ਕੇ ਦੁਕਾਨਾਂ ਖੋਲ੍ਹੀਆਂ। ਇਸ ਭੰਬਲਭੂਸੇ ਵਾਲੇ ਐਲਾਨ ਨੇ ਦੁਕਾਨਦਾਰਾਂ ਨੂੰ ਕਾਫੀ ਖੱਜਲ ਖੁਆਰ ਕੀਤਾ।
ਧੂਰੀ (ਪਵਨ ਕੁਮਾਰ ਵਰਮਾ): ਕਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਕਾਰਨ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੁੜ ਲੌਕਡਾਊਨ ਦਾ ਐਲਾਨ ਕਰਦਿਆਂ ਸ਼ਨਿਚਰਵਾਰ ਨੂੰ ਦੁਕਾਨਾਂ ਖੁੱਲ੍ਹੀਆਂ ਰੱਖਣ ਅਤੇ ਐਤਵਾਰ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦੇ ਹੁਕਮ ਮਿਲਣ ਨਾਲ ਅੱਜ ਦੁਕਾਨਦਾਰਾਂ ਵੱਲੋਂ ਭਾਵੇਂ ਕੁਝ ਰਾਹਤ ਮਹਿਸੂਸ ਕੀਤੀ ਗਈ ਪਰ ਬਜ਼ਾਰਾਂ ਵਿੱਚ ਗ੍ਰਾਹਕਾਂ ਦੀ ਕਮੀ ਦੇਖਣ ਨੂੰ ਮਿਲੀ। ਵਪਾਰੀ ਆਗੂ ਵਿਕਾਸ ਜੈਨ ਅਤੇ ਪਵਨ ਕੁਮਾਰ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਹਾਸੋਹੀਣਾ ਦੱਸਦਿਆਂ ਕਿਹਾ ਕਿ ਪਤਾ ਨਹੀਂ ਕੀ ਸੋਚ ਕੇ, ਸਰਕਾਰ ਅਜਿਹੇ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਜ਼ਾਰ ਖੋਲ੍ਹਣੇ ਹਨ, ਪਰ ਗ੍ਰਾਹਕ ਤਾਲਾਬੰਦੀ ਦਾ ਹੁਕਮ ਜਾਰੀ ਕਰ ਕੇ ਘਰਾਂ ਅੰਦਰ ਬੰਦ ਰੱਖਣੇ ਹਨ ਤਾਂ ਦੁਕਾਨਾਂ ਖੁਲਵਾਉਣ ਦਾ ਕੀ ਫ਼ਾਇਦਾ।