ਪੱਤਰ ਪ੍ਰੇਰਕ
ਸੰਗਰੂਰ, 1 ਸਤੰਬਰ
ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਸੰਗਰੂਰ ਵਿਚ ਨਾਵਲਕਾਰ ਮੇਘ ਗੋਇਲ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ| ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੇ ਜਾਂਦੇ ‘ਸ਼੍ਰੋਮਣੀ ਪੰਜਾਬੀ ਪੁਰਸਕਾਰਾਂ ਦੀ ਪੰਜਾਬੀ ਦੇ ਵਿਕਾਸ/ਵਿਨਾਸ਼ ਵਿਚ ਭੂਮਿਕਾ’ ਵਿਸ਼ੇ ’ਤੇ ਚਰਚਾ ਕਰਵਾਈ ਗਈ। ਇਸ ਵਿਚ ਮੁੱਖ ਬੁਲਾਰੇ ਵਜੋਂ ਬੋਲਦਿਆਂ ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ ਦੇ ਸੰਚਾਲਕ ਤੇ ਨਾਵਲਕਾਰ ਮਿੱਤਰ ਸੈਨ ਮੀਤ ਨੇ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਪੁਰਸਕਾਰ ਮਨਮਰਜ਼ੀ ਨਾਲ ਦਿੱਤੇ ਜਾਂਦੇ ਹਨ, ਜਿਸ ਕਾਰਨ ਇਹ ਪੱਖਪਾਤੀ ਹੋ ਜਾਂਦੇ ਹਨ| ਉਨ੍ਹਾਂ ਕਿਹਾ ਕਿ ਪੁਰਸਕਾਰਾਂ ਸਬੰਧੀ ਪਾਰਦਰਸ਼ੀ ਅਤੇ ਨਿਰਪੱਖ ਨੀਤੀ ਬਣਾਈ ਜਾਵੇ| ਸਭਾ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ|
ਸਮਾਗਮ ਦੇ ਅਰੰਭ ਵਿਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਭਾ ਦੇ ਮੀਤ ਪ੍ਰਧਾਨ ਅਤੇ ਨਾਵਲਕਾਰ ਮੇਘ ਗੋਇਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ| ਸਰਦਾਰਾ ਸਿੰਘ ਸੋਹੀ ਨੇ ਕਿਹਾ ਕਿ ਸਾਹਿਤ ਮਾਫ਼ੀਆ ਵੱਲੋਂ ਪੁਰਸਕਾਰ ਸਬੰਧੀ ਕੀਤੀ ਜਾਂਦੀ ਜੁਗਾੜਬੰਦੀ ਚਿੰਤਾਜਨਕ ਅਤੇ ਸ਼ਰਮਨਾਕ ਹੈ| ਡਾ. ਏਐਸ ਮਾਨ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਦਿੱਤੀ ਜਾਣ ਵਾਲੀ ਸਨਮਾਨ ਰਕਮ ਘਟਾ ਕੇ ਵੀ ਕਥਿਤ ਘਾਲੇ-ਮਾਲੇ ਨੂੰ ਰੋਕਿਆ ਜਾ ਸਕਦਾ ਹੈ|
ਇਸ ਮੌਕੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ’ਤੇ ਕੀਤੇ ਤਸ਼ੱਦਦ ਦੀ ਨਿਖੇਧੀ ਕੀਤੀ ਗਈ| ਸਮਾਗਮ ਵਿਚ ਪ੍ਰੋ. ਇੰਦਰਪਾਲ ਸਿੰਘ ਦੀ ਸੰਪਾਦਿਤ ਪੁਸਤਕ ‘ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਕ ਸਿਆਸਤ’, ਡਾ. ਮੀਤ ਖਟੜਾ ਦਾ ਮਿਨੀ ਕਹਾਣੀ ਸੰਗ੍ਰਹਿ ‘ਅਹਿਸਾਸ ਦੇ ਰਹਿਤਲ’, ਰਜਿੰਦਰ ਸਿੰਘ ਰਾਜਨ ਦਾ ਬਾਲ ਕਾਵਿ ਸੰਗ੍ਰਹਿ ‘ਡਮਰੂ ਭੰਬੀਰੀਆਂ’, ਜਸਪ੍ਰੀਤ ਕੌਰ ਗੁਰਨਾ ਅਤੇ ਮਨਦੀਪ ਖਾਨਪੁਰੀ ਦਾ ਸਾਂਝਾ ਕਾਵਿ ਸੰਗ੍ਰਹਿ ‘ਆਫ਼ਤਾਬ’, ਮੂਲ ਚੰਦ ਸ਼ਰਮਾ ਵੱਲੋਂ ਪੁਰਸਕਾਰਾਂ ਦੀ ਜੁਗਾੜਬੰਦੀ ਸਬੰਧੀ ਲਿਖੇ ਗੀਤ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ|