ਪੱਤਰ ਪ੍ਰੇਰਕ
ਸੰਗਰੂਰ, 29 ਜੂਨ
‘ਅਜੌਕੇ ਬਹੁਤੇ ਆਲੋਚਕ ਲਿਖ਼ਤ ਨੂੰ ਦੇਖ ਕੇ ਨਹੀਂ ਬਲਕਿ ਲੇਖਕ ਨੂੰ ਦੇਖ ਕੇ ਹੀ ਆਪਣੀ ਆਲੋਚਨਾਂ ਦੀਆਂ ਕਾਰਾਗਰੀਆਂ ਦਿਖਾ ਰਹੇ ਹਨ, ਜਦੋਂ ਕਿ ਚਾਹੀਦਾ ਇਹ ਹੈ ਕਿ ਆਲੋਚਕ ਧੜੇਬੰਦੀਆਂ ਤੋਂ ਉਪਰ ਉੱਠ ਕੇ ਸਾਹਿਤਕ ਪੜਚੋਲ ਕਰਨ’। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਕਰਮ ਸਿੰਘ ਜ਼ਖ਼ਮੀ ਦੀ ਆਲੋਚਨਾ ਦੀ ਪੁਸਤਕ ‘ਹਲੂਣਾ’ ਦੇ ਰਿਲੀਜ਼ ਸਮਾਗਮ ਵਿੱਚ ਬੋਲਦਿਆਂ ਸਭਾ ਦੇ ਸਰਪ੍ਰਸਤ ਮੀਤ ਖੱਟੜਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਰਮ ਸਿੰਘ ਜਖ਼ਮੀ ਦੀ ਪੁਸਤਕ ਆਲੋਚਨਾਂ ਦੇ ਖੇਤਰ ਵਿੱਚ ਨਵੇਂ ਦਿਸ-ਹੱਦਿਆਂ ਨੂੰ ਜਨਮ ਦੇਣ ਦੀ ਸਮਰਥਾ ਰੱਖਦੀ ਹੈ। ਉਘੇ ਲੇਖਕ ਅਤੇ ਆਲੋਚਕ ਦਲਬਾਰ ਸਿੰਘ ਨੇ ਪੁਸਤਕ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕਰਮ ਸਿੰਘ ਜਖ਼ਮੀ ਦੀ ਆਲੋਚਨਾਂ ਦਾ ਮੁਹਾਂਦਰਾ ਪੂਰੀ ਤਰ੍ਹਾਂ ਨਿਰਪੱਖ ਅਤੇ ਉਸਾਰੂ ਹੈ। ਸਭਾ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਰਾਜਨ ਨੇ ਕਿਹਾ ਕਿ ਪੁਸਤਕ ਵਿੱਚ ਬੌਝਲ ਸ਼ਬਦਾਂ ਦੀ ਥਾਂ ਸਰਲ ਅਤੇ ਸੌਖੀ ਸ਼ਬਦਾਵਲੀ ਵਰਤੇ ਜਾਣਾ ਵੀ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ। ਆਪਣੇ ਜੀਵਨ ਅਤੇ ਲਿਖਣ ਪ੍ਰੀਕ੍ਰਿਆ ਸਬੰਧੀ ਚਰਚਾ ਕਰਅਿਦਾਂ ਕਰਮ ਸਿੰਘ ਜਖ਼ਮੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪੁਸਤਕ ਵਿਚਲੇ ਆਲੋਚਨਾਤਮਕ ਵਿਸ਼ਲੇਸ਼ਣ ਵਿੱਚ ਕਿਤੇ ਵੀ ਕਿਸੇ ਸਾਹਿਤਕਾਰ ਉੱਤੇ ਆਪਣੀ ਵਿਚਾਰਧਾਰਾ ਠੋਸਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਕੇਵਲ ਇਹੋ ਹੀ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੇਖਕ ਨੇ ਜੋ ਕੁਝ ਵੀ ਲਿਖਿਆ ਹੈ, ਉਹ ਮਨੁੱਖਤਾ ਲਈ ਕਲਿਆਣਕਾਰੀ ਹੈ ਜਾਂ ਨਹੀਂ। ਸਭਾ ਦੇ ਅਰੰਭ ਵਿਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਾਹਿਤਕਾਰਾਂ ਅਮੀਨ ਸਲਿਕ ਅਤੇ ਹਮਦਰਦਵੀਰ ਨੌਸ਼ਹਿਰਵੀ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਭਾ ਦੇ ਮੀਤ ਪ੍ਰਧਾਨ ਸੁਖਵਿੰਦਰ ਕੌਰ ਸਿੱਧੂ ਨੂੰ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸੰਗਰੂਰ ਦਾ ਨੋਡਲ ਅਫ਼ਸਰ ਨਿਯੁਕਤ ਕਰਨ ਤੇ ਵਧਾਈ ਦਿੱਤੀ ਗਈ। ਅੰਤ ਕਰਮ ਸਿੰਘ ਜਖ਼ਮੀ ਨੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।