ਹਰਦੀਪ ਸਿੰਘ ਸੋਢੀ
ਧੂਰੀ, 7 ਅਪਰੈਲ
ਸ਼ਹਿਰ ਨੂੰ ਦੋ ਹਿੱਸਿਆਂ ’ਚ ਵੰਡਣ ਵਾਲੇ ਲੋਹਾ ਬਾਜ਼ਾਰ ਵਿਚ ਸਥਿਤ ਰੇਲਵੇ ਫਾਟਕ ਲੋਕਾਂ ਦੀ ਜਾਨ ਦਾ ਖੌਅ ਸਾਬਿਤ ਹੋ ਰਹੇ ਹਨ। ਘੰਟਿਆਂਬੱਧੀ ਬੰਦ ਰਹਿਣ ਵਾਲੇ ਇਨਾਂ ਫਾਟਕਾਂ ਕਾਰਨ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੇਹੜੀਆਂ ਵਾਲੇ ਅਤੇ ਹੋਰ ਵਾਹਨ ਚਾਲਕ ਇਸੇ ਤਾਕ ’ਚ ਰਹਿੰਦੇ ਹਨ ਕਿ ਕਾਹਲੀ ’ਚ ਫਾਟਕ ਪਾਰ ਕਰ ਲਿਆ ਜਾਵੇ ਤਾਂ ਜੋ ਫਾਟਕ ਬੰਦ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਲੰਮਾ ਸਮਾਂ ਇਥੇ ਖੜ੍ਹ ਕੇ ਇੰਤਜ਼ਾਰ ਨਾ ਕਰਨਾ ਪਵੇ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਫਾਟਕਾਂ ’ਤੇ ਤਾਇਨਾਤ ਰੇਲਵੇ ਵਿਭਾਗ ਦੇ ਗੇਟਮੈਨ ਵੱਲੋਂ ਅੱਜ ਸਵੇਰੇ ਇੰਨੀ ਜਲਦਬਾਜ਼ੀ ਵਿਚ ਫਾਟਕ ਬੰਦ ਕਰ ਦਿੱਤਾ ਗਿਆ ਕਿ ਤਿੰਨ ਫਲਾਂ ਨਾਲ ਲੱਦੀਆਂ ਰੇਹੜੀਆਂ, ਇਕ ਗੈਸ ਸਿਲੰਡਰਾਂ ਨਾਲ ਲੱਦੀ ਰੇਹੜੀ ਸਮੇਤ ਹੋਰ ਵਾਹਨ ਇਕ ਫਾਟਕ ਤਾਂ ਪਾਰ ਕਰ ਗਏ, ਪ੍ਰੰਤੂ ਦੂਜੇ ਫਾਟਕ ’ਤੇ ਪੁੱਜਣ ਤੋਂ ਪਹਿਲਾਂ ਫਾਟਕ ਬੰਦ ਹੋ ਗਿਆ। ਉਹ ਫਾਟਕਾਂ ਦੇ ਵਿਚਾਲੇ ਹੀ ਫਸ ਗਏ। ਭਾਵੇਂ ਫਾਟਕਾਂ ਦੇ ਥਲਿਓਂ ਮੋਟਰ ਸਾਈਕਲ ਜਾਂ ਹੋਰ ਦੁਪਹਿਆ ਵਾਹਨ ਤਾਂ ਲੰਘ ਸਕਦੇ ਸੀ, ਪ੍ਰੰਤੂ ਰੇਹੜੀਆਂ ਦਾ ਲੰਘਣਾ ਨਾਮੁਮਕਿਨ ਸੀ। ਗੇਟਮੈਨ ਦੀ ਇਸ ਅਣਗਹਿਲੀ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਅਤੇ ਬਾਅਦ ਵਿਚ ਗੇਟਮੈਨ ਨੂੰ ਫਾਟਕ ਖੋਲ੍ਹ ਕੇ ਉਪਰੋਕਤ ਰੇਹੜੀਆਂ ਨੂੰ ਕੱਢਣ ਲਈ ਮਜਬੂਰ ਹੋਣਾ ਪਿਆ।
ਜ਼ਿਕਰਯੋਗ ਹੈ ਕਿ ਧੂਰੀ ਰੇਲਵੇ ਜੰਕਸ਼ਨ ਹੋਣ ਕਾਰਨ ਇਥੋਂ ਅਨੇਕਾਂ ਰੇਲ ਗੱਡੀਆਂ ਤੇ ਮਾਲ ਗੱਡੀਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਜਿਸ ਕਾਰਨ ਸ਼ਹਿਰ ਦੇ ਮੁੱਖ ਫਾਟਕ ਲੰਬਾ ਸਮਾਂ ਬੰਦ ਰਹਿੰਦੇ ਹਨ। ਲੋਕਾਂ ਦੀ ਮੰਗ ਹੈ ਕਿ ਰੇਲਵੇ ਫਾਟਕਾਂ ਦੀ ਇਸ ਸਮੱਸਿਆ ਤੋਂ ਜਲਦ ਹੀ ਰਾਹਤ ਦਿਵਾਈ ਜਾਵੇ ਅਤੇ ਉਦੋਂ ਤੱਕ ਰੇਲਵੇ ਕੈਬਿਨ ਉਪਰ ਕੋਈ ਅਜਿਹਾ ਗੇਟਮੈਨ ਤਾਇਨਾਤ ਕੀਤਾ ਜਾਵੇ, ਜੋ ਲੋਕਾਂ ਦੀ ਪ੍ਰੇਸ਼ਾਨੀ ਨੂੰ ਸਮਝਦੇ ਹੋਏ ਆਪਣੀ ਡਿਊਟੀ ਨਿਭਾਵੇ। ਇਸ ਸਬੰਧੀ ਸਟੇਸ਼ਨ ਮਨੋਜ ਕੁਮਾਰ ਪਾਂਡੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਮੌਕਾ ਦੇਖਣ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।