ਰਜਿੰਦਰ ਜੈਦਕਾ
ਅਮਰਗੜ੍ਹ, 10 ਸਤੰਬਰ
ਇਥੇ ਸੇਵਾ ਕੇਂਦਰ ਵਿੱਚ ਸਰਟੀਫਿਕੇਟ ਬਣਵਾਉਣ ਤੇ ਹੋਰਨਾਂ ਕੰਮਾਂ ਲਈ ਸਵੇਰੇ ਚਾਰ ਵਜੇ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਸਬੰਧ ਵਿੱਚ ਰਵਿੰਦਰ ਸਿੰਘ ਬਨਭੌਰਾ, ਮਨਜੀਤ ਸਿੰਘ ਤੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ 4 ਵਜੇ ਸਭ ਤੋਂ ਪਹਿਲਾਂ ਆ ਕੇ ਖੜ੍ਹੇ ਹੋਏ ਸਨ। ਉਨ੍ਹਾਂ ਨੇ ਆਧਾਰ ਕਾਰਡ, ਜਾਤੀ ਸਰਟੀਫਿਕੇਟ ਤੇ ਆਮਦਨ ਸਰਟੀਫਿਕੇਟ ਲੈਣੇ ਹਨ। ਇਸੇ ਤਰ੍ਹਾਂ ਵਤਨ ਸਿੰਘ ਚਪੜੌਦਾ, ਵਰਿੰਦਰ ਸਿੰਘ, ਕੁਲਵੰਤ ਸਿੰਘ ਚੌਂਦਾ, ਭਗਵਾਨ ਸਿੰਘ ਅਮਰਗੜ੍ਹ ਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਜਾਤੀ ਸਰਟੀਫਿਕੇਟ, ਆਧਾਰ ਕਾਰਡ ਵਿੱਚ ਸੋਧ, ਆਮਦਨ ਸਰਟੀਫਿਕੇਟ ਤੇ ਮੌਤ ਸਰਟੀਫਿਕੇਟ ਆਦਿ ਲੈਣੇ ਹਨ। ਸਵੇਰੇ ਜੋ ਪਹਿਲਾਂ ਆ ਕੇ ਲਾਈਨ ਵਿੱਚ ਲੱਗ ਜਾਂਦਾ ਹੈ, ਉਸ ਦਾ ਕੰਮ ਹੋ ਜਾਂਦਾ ਹੈ। ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਜਾਤੀ ਸਰਟੀਫਿਕੇਟ ਬਣਾਉਣਾ ਸੀ। ਉਹ ਤਿੰਨ ਦਿਨਾਂ ਤੋਂ ਇਥੇ ਆ ਰਿਹਾ ਹੈ। ਕਾਗਜ਼ਾਂ ਦੀ ਕਮੀ ਕਾਰਨ ਉਸ ਨੂੰ ਹਰ ਰੋਜ਼ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੀਆਂ ਤਿੰਨ ਦਿਹਾੜੀਆਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਸਵੇਰੇ ਆ ਕੇ ਲਾਈਨ ਵਿਚ ਲੱਗਦੇ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰ ਨਾਸ਼ਤਾ ਦੇਣ ਲਈ ਆਉਂਦੇ ਹਨ। ਇਸੇ ਦੌਰਾਨ ਕਈ ਵਿਅਕਤੀਆਂ ਨੂੰ ਕੰਮ ਕਰਵਾਉਣ ਲਈ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ। ਇਲਾਕਾ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਪਰਾਲੇ ਕੀਤੇ ਜਾਣ ਤਾਂ ਕਿ ਸੇਵਾ ਕੇਂਦਰ ਵਿੱਚ ਉਨ੍ਹਾਂ ਦੇ ਕੰਮ ਸਮੇਂ ਸਿਰ ਹੋ ਸਕਣ ਤੇ ਉਨ੍ਹਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਏ।
ਸੇਵਾ ਕੇਂਦਰ ਦੇ ਇੰਚਾਰਜ ਵੱਲੋਂ ਸਪਸ਼ਟੀਕਰਨ
ਸੇਵਾ ਕੇਂਦਰ ਦੇ ਇੰਚਾਰਜ ਮਨਦੀਪ ਦਿਓਲ ਨੇ ਦੱਸਿਆ ਕਿ ਇਥੇ ਚਾਰ ਕਾਊਂਟਰਾਂ ਲਈ ਹਰ ਰੋਜ਼ 140 ਨੰਬਰ ਜਾਰੀ ਕੀਤੇ ਜਾਂਦੇ ਹਨ। ਸ਼ਨੀਵਾਰ ਤੇ ਐਤਵਾਰ ਨੂੰ ਅੱਧਾ ਸਟਾਫ਼ ਹੀ ਆਉਂਦਾ ਹੈ। ਅਸਲਾ, ਵਿਆਹ ਆਦਿ ਦੀ ਐਟਰੀਆਂ 45 ਮਿੰਟ ਤੋਂ ਵੱਧ ਸਮਾਂ ਲੈਂਦੀਆਂ ਹਨ। ਸੀਨੀਅਰ ਸਿਟੀਜ਼ਨ, ਹੈਡੀਕੈਪ, ਗਰਭਵਤੀ ਇਸਤਰੀਆਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਨੇ ਹੁੰਦੇ ਹਨ। ਹਲਫ਼ੀਆਂ ਬਿਆਨ ਵੀ ਬਿਨਾਂ ਟੋਕਨ ਦੇ ਕੀਤੇ ਜਾਂਦੇ ਹਨ। ਫੌਜ ਦੀ ਭਰਤੀ ਅਤੇ ਸਕੂਲ ਵਿਦਿਆਰਥੀਆਂ ਨੂੰ ਜਾਤੀ ਸਰਟੀਫਿਕੇਟ ਤੇ ਆਮਦਨ ਸਰਟੀਫਿਕੇਟ ਆਦਿ ਤਰੁੰਤ ਲੈਣ ਲਈ ਹੀ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਯਤਨ ਕੀਤੇ ਜਾ ਰਹੇ ਹਨ।