ਬੀਰਬਲ ਰਿਸ਼ੀ
ਸ਼ੇਰਪਰ, 24 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਵਿੱਚ ਪੈਂਦੇ ਖਰੀਦ ਕੇਂਦਰ ਕਾਤਰੋਂ ਵਿੱਚ ਖ਼ਰੀਦੀ ਜਾ ਚੁੱਕੀ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਏ ਤੇ ਮਜ਼ਦੂਰ ਪ੍ਰੇਸ਼ਾਨ ਹਨ। ਕਈ ਦਿਨਾਂ ਤੋਂ ਮੰਡੀ ਵਿੱਚ ਵਿਹਲੇ ਬੈਠੇ ਹੋਣ ਦਾ ਦਾਅਵਾ ਕਰਦਿਆਂ ਮਜ਼ਦੂਰਾਂ ਨੇ ਮਸਲਾ ਹੱਲ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਉਧਰ ਮਾਲ ਚੁੱਕਣ ਲਈ ਮਾਰਕੀਟ ਕਮੇਟੀ ਸ਼ੇਰਪੁਰ ਦੇ ਸੈਕਟਰੀ ਵੱਲੋਂ ਖਰੀਦ ਏਜੰਸੀ ਪਨਗਰੇਨ ਨੂੰ ਨੋਟਿਸ ਕੱਢ ਦਿੱਤਾ ਗਿਆ ਹੈ।
ਗੱਲਾ ਮਜ਼ਦੂਰ ਪੱਲੇਦਾਰ ਯੂਨੀਅਨ ਕਾਤਰੋਂ ਮੰਡੀ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ ਉਹ ਇੱਕ ਹਜ਼ਾਰ ਗੱਟੇ ਦੇ ਹਿਸਾਬ ਨਾਲ ਇਕ ਮਜ਼ਦੂਰ ਲੇਬਰ ਵਿੱਚ ਰੱਖਦੇ ਹਨ ਪਰ ਇਸ ਵਾਰ ਕਣਕ ਦਾ ਝਾੜ ਘਟਣ ਅਤੇ ਲਿਫਟਿੰਗ ਨਾ ਹੋਣ ਕਾਰਨ ਕਾਤਰੋਂ ਮੰਡੀ ਵਿਚ ਕਣਕ ਦੀ ਘੱਟ ਆਮਦ ਦਾ ਖਮਿਆਜ਼ਾ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਹੈ। ਬਿਹਾਰ ਤੋਂ ਭਾੜਾ ਲਗਾ ਕੇ ਦਿਹਾੜੀ ਕਰਨ ਲਈ ਆਏ ਬਿਹਾਰੀ ਮਜ਼ਦੂਰ ਵੀ ਖਾਲੀ ਹੱਥ ਘਰ ਪਰਤਣਗੇ। ਕਾਤਰੋਂ ਮੰਡੀ ਵਿੱਚ ਵਿਹਲੇ ਬੈਠੇ ਮਜ਼ਦੂਰ ਰਾਤ ਸਮੇਂ ਅੱਤ ਦੀ ਗਰਮੀ ਅਤੇ ਮੱਛਰਾਂ ਵਿੱਚ ਮਾਲ ਦੀ ਰਾਖੀ ਕਰਨ ਲਈ ਮਜਬੂਰ ਹਨ ਪਰ ਲਿਫਟਿੰਗ ਬਿਲਕੁਲ ਬੰਦ ਪਈ ਹੈ। ਜੇਕਰ ਮਸਲਾ ਤੁਰੰਤ ਹੱਲ ਨਾ ਹੋਇਆ ਤਾਂ ਮਜ਼ਦੂਰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਗੇ। ਆੜ੍ਹਤੀਆ ਆਗੂ ਬਹਾਦਰ ਸਿੰਘ ਬਾਗੜੀ ਨੇ ਕਿਹਾ ਕਿ ਸਬੰਧਤ ਅਧਿਕਾਰੀ ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ। ਪਨਗ੍ਰੇਨ ਦੇ ਸਬੰਧਤ ਇੰਸਪੈਕਟਰ ਵਿਕਾਸ ਜਿੰਦਲ ਨੇ ਦੱਸਿਆ ਕਿ ਸ਼ੇਰਪੁਰ ਟਰੱਕ ਯੂਨੀਅਨ ਵਿੱਚੋਂ ਉਨ੍ਹਾਂ ਨੂੰ ਗੱਡੀਆਂ ਘੱਟ ਮਿਲ ਰਹੀਆਂ ਹਨ ਅਤੇ ਅੱਗੇ ਮਾਲੇਰਕੋਟਲਾ ਵਿੱਚ ਐੱਫਸੀਆਈ ਦੇ ਗੁਦਾਮ ਵਿੱਚ ਸਪੈਸ਼ਲ ਲੱਗੀ ਹੋਣ ਕਾਰਨ ਲੇਬਰ ਨਾ ਮਿਲਣ ਕਰਕੇ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ,
ਇਸ ਸਬੰਧੀ ਮਲੇਰਕੋਟਲਾ ਦੇ ਸਬੰਧਤ ਇੰਸਪੈਕਟਰ ਨੂੰ ਪੱਤਰ ਲਿਖਿਆ ਗਿਆ ਹੈ। ਮਾਰਕੀਟ ਕਮੇਟੀ ਸ਼ੇਰਪੁਰ ਦੇ ਸੈਕਟਰੀ ਡੀਨ ਪਾਲ ਸਿੰਘ ਨੇ ਦੱਸਿਆ ਕਿ 22 ਅਪਰੈਲ ਨੂੰ ਪਨਗਰੇਨ ਖਰੀਦ ਏਜੰਸੀ ਨੂੰ ਨੋਟਿਸ ਕੱਢਿਆ ਗਿਆ ਹੈ ਜਿਸ ਵਿੱਚ 72 ਘੰਟੇ ਬਾਅਦ ਮਾਲ ਨਾ ਚੁੱਕੇ ਜਾਣ ਤੇ ਜੁਰਮਾਨਾ ਲਗਾਏ ਜਾਣ ਲਈ ਕਿਹਾ ਗਿਆ ਹੈ।
ਭਵਾਨੀਗੜ੍ਹ ਦੀਆਂ ਮੰਡੀਆਂ ਵਿੱਚ ਵੀ ਮੰਦਾ ਹਾਲ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਅਨਾਜ ਮੰਡੀ ਭਵਾਨੀਗੜ੍ਹ ਅਤੇ ਬਲਾਕ ਦੇ 17 ਖਰੀਦ ਕੇਦਰਾਂ ਵਿੱਚ ਹੁਣ ਤੱਕ 6 ਲੱਖ 74 ਹਜ਼ਾਰ 360 ਕੁਇੰਟਲ ਕਣਕ ਖਰੀਦੀ ਜਾ ਚੁੱਕੀ ਹੈ। ਇਸ ਵਿੱਚੋਂ 2.14 ਲੱਖ ਕੁਇੰਟਲ ਕਣਕ ਦੀ ਢੁਆਈ ਨਾ ਹੋਣ ਕਾਰਨ ਆੜ੍ਹਤੀਆਂ ਦੀਆਂ ਦੁਕਾਨਾਂ ’ਤੇ ਕੰਮ ਕਰਦੇ ਗੱਲਾ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮਾਰਕੀਟ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਸੀਜ਼ਨ ਦੇ ਮੁਕਾਬਲੇ ਅਜੇ ਤੱਕ ਸਿਰਫ 64 ਫੀਸਦੀ ਕਣਕ ਦੀ ਆਮਦ ਹੋਈ ਹੈ।