ਮੁਕੰਦ ਸਿੰਘ ਚੀਮਾ
ਸੰਦੌੜ, 29 ਅਪਰੈਲ
ਇੱਥੇ ਵੇਅਰਹਾਊਸ ਦੇ ਗੁਦਾਮ ਅੱਗੇ ਅੱਜ ਅਨਾਜ ਮੰਡੀ ਸੰਦੌੜ ਦੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਲਿਫਟਿੰਗ ਨਾ ਹੋਣ ਤੋਂ ਅੱਕ ਕੇ ਧਰਨਾ ਲਗਾ ਦਿੱਤਾ। ਆੜ੍ਹਤੀਆਂ ਦਾ ਦੋਸ਼ ਹੈ ਕਿ ਖਰੀਦ ਏਜੰਸੀ ਵੇਅਰਹਾਊਸ ਵੱਲੋਂ ਸੰਦੌੜ ਮੰਡੀ ਵਿੱਚ ਕਣਕ ਦੀ ਚੁਕਾਈ ਬਹੁਤ ਹੌਲੀ ਰਫਤਾਰ ਨਾਲ ਕੀਤੀ ਜਾ ਰਹੀ ਹੈ। ਮਾਰਕੀਟ ਕਮੇਟੀ ਸੰਦੌੜ ਦੇ ਰਿਕਾਰਡ ਮੁਤਾਬਿਕ ਸੰਦੌੜ ਅਨਾਜ ਮੰਡੀ ਵਿੱਚ ਹਾਲੇ ਵੀ 42 ਹਜ਼ਾਰ ਦੇ ਕਰੀਬ ਕਣਕ ਦੀਆਂ ਬੋਰੀਆਂ ਪਈਆਂ ਹਨ।
ਆੜ੍ਹਤੀਆ ਸੁਰਿੰਦਰਪਾਲ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਵੇਅਰਹਾਊਸ ਵੱਲੋਂ ਅਨਾਜ ਮੰਡੀ ਸੰਦੌੜ ਵਿੱਚ ਲਿਫਟਿੰਗ ਦਾ ਕੰੰਮ ਸੁਸਤ ਰਫਤਾਰ ਨਾਲ ਚੱਲ ਰਿਹਾ ਹੈ ਜਿਸ ਕਾਰਨ ਆੜ੍ਹਤੀਏ ਅਤੇ ਮਜ਼ਦੂਰ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਵੇਅਰਹਾਊਸ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲ ਕੇ ਲਿਫਟਿੰਗ ਤੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਹਰਲੀਆਂ ਮੰਡੀਆਂ ਤੋਂ ਕਣਕ ਗੁਦਾਮ ਵਿੱਚ ਲਗਾਈ ਜਾ ਰਹੀ ਹੈ ਜਦਕਿ ਸਥਾਨਕ ਮੰਡੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਆੜ੍ਹਤੀਆਂ ਨੇ ਕਿਹਾ ਕਿ ਪਹਿਲਾਂ ਲੋਕਲ ਮੰਡੀ ਦੇ ਮਾਲ ਦੀ ਲਿਫਟਿੰਗ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਆੜ੍ਹਤੀਆ ਬਾਰਾ ਸਿੰਘ ਖੁਰਦ, ਆੜ੍ਹਤੀਆ ਸੁਖਮਿੰਦਰ ਸਿੰਘ ਮਾਣਕੀ, ਕੇਵਲਜੀਤ ਸਿੰਘ ਖੁਰਦ, ਮਾਸਟਰ ਅਜੈਬ ਸਿੰਘ ਖੁਰਦ, ਗੁਰਚਰਨ ਸਿੰਘ ਖੁਰਦ, ਹਰਮੇਸ਼ ਕੁਮਾਰ, ਹਰਮੇਲ ਸਿੰਘ ਪੱਪਾ, ਬਲਜੀਤ ਸਿੰਘ, ਲਖਵੀਰ ਸਿੰਘ ਫਰਵਾਲੀ, ਪਰਮਾ ਸਿੰਘ ਤੇ ਰਣਧੀਰ ਸਿੰਘ ਵੀ ਹਾਜ਼ਰ ਸਨ।
ਧਰਨਾ ਦੇ ਰਹੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਸ਼ਾਂਤ ਕਰਵਾਉਣ ਲਈ ਪਹੁੰਚੇ ਵੇਅਰਹਾਊਸ ਦੇ ਮੈਨੇਜਰ ਜਰਨੈਲ ਸਿੰਘ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਬਾਹਰਲੀਆਂ ਮੰਡੀਆਂ ਦੇ ਮਾਲ ਦੀ ਚੁਕਾਈ ਬੰਦ ਕਰ ਦਿੱਤੀ ਗਈ ਹੈ, ਇਸ ਗੁਦਾਮ ਵਿੱਚ ਪਹਿਲਾਂ ਸਥਾਨਕ ਮੰਡੀਆਂ ਦਾ ਹੀ ਮਾਲ ਉਤਾਰਿਆ ਜਾਵੇਗਾ। ਉਨ੍ਹਾਂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਆਪਣਾ ਧਰਨਾ ਚੁੱਕ ਲਿਆ।