ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 8 ਜੁਲਾਈ
ਸ਼ੁੱਕਰਵਾਰ ਦੁਪਹਿਰ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਮਾਲੇਰਕੋਟਲਾ ਦੇ ਨੀਵੇਂ ਖੇਤਰਾਂ ਅਤੇ ਬਾਜ਼ਾਰਾਂ ਵਿੱਚ ਪਾਣੀ ਖੜ੍ਹਨ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਲੋਹਾ ਬਾਜ਼ਾਰ, ਦਿੱਲੀ ਦਰਵਾਜ਼ਾ ਦੇ ਬਾਹਰ , ਸਰਹਿੰਦੀ ਦਰਵਾਜ਼ੇ ਦੇ ਬਾਹਰ, ਮੁਹੱਲਾ ਖਟੀਕਾਂ, ਜਮਾਲਪਰਾ ਅਤੇ ਕਿਲਾ ਰਹਿਮਤਗੜ੍ਹ ਦੇ ਕਈ ਮੁਹੱਲਿਆਂ ਅਤੇ ਸੱਟਾ ਚੌਕ ਆਦਿ ਖੇਤਰਾਂ ‘ਚ ਕਈ ਘੰਟੇ ਮੀਂਹ ਦਾ ਪਾਣੀ ਖੜ੍ਹਾ ਰਿਹਾ।
ਸ਼ਹਿਰ ਦੇ ਨੀਵੇਂ ਖੇਤਰਾਂ ਅਤੇ ਕਈ ਮਹੱਲਿਆਂ ਵਿੱਚ ਘੰਟਿਆਂਬੱਧੀ ਪਾਣੀ ਖੜ੍ਹਨ ਕਾਰਨ ਆਮ ਲੋਕਾਂ ਨੂੰ ਵੀ ਆਪਣੇ ਘਰਾਂ ਤੋਂ ਬਾਹਰ ਨਿਕਲਣ ਵਿੱਚ ਦਿੱਕਤ ਆ ਰਹੀ ਹੈ। ਜੁਝਾਰ ਸਿੰਘ ਨਗਰ ’ਚ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗਲੀਆਂ ਨੂੰ ਜੋੜਨ ਵਾਲੀ ਮੁੱਖ ਸੜਕ ’ਤੇ ਵੀ ਬਰਸਾਤੀ ਭਰ ਗਿਆ।
ਲਸਾੜਾ ਡਰੇਨ ਵਿੱਚ ਉੱਗੀ ਬੂਟੀ ਕਾਰਨ ਵਗ ਰਹੇ ਪਾਣੀ ਦੀ ਚਾਲ ਬਹੁਤ ਮੱਠੀ ਹੈ। ਡਰੇਨ ਦਾ ਪਾਣੀ ਇੱਕ ਪੱਟੜੀ ਉਪਰ ਦੀ ਵਗਣ ਕਰ ਕੇ ਲਸੋਈ, ਲਸਾੜਾ, ਸਰੌਦ, ਰਾਣਵਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਜੰਮੂ -ਕੱਟੜਾ ਐਕਸਪ੍ਰੈਸ ਵੇਅ ਦੇ ਪਿੰਡ ਰਾਣਵਾਂ ਨੇੜੇ ਲਸਾੜਾ ਡਰੇਨ ’ਤੇ ਬਣ ਰਹੇ ਪੁਲ ਦਾ ਡਰੇਨ ’ਚ ਬਣ ਰਿਹਾ ਇੱਕ ਪਿਲਰ ਅਤੇ ਡਰੇਨ ‘ਚ ਡਿੱਗੇ ਦਰਖ਼ਤ ਵੀ ਰੁਕਾਵਟ ਪਾ ਰਹੇ ਹਨ। ਜੇ ਇਸ ਡਰੇਨ ’ਚੋਂ ਪਾਣੀ ਅੱਗੇ ਨਾ ਨਿਕਲਿਆ ਤਾਂ ਪਿੰਡ ਰਾਣਵਾਂ, ਸਰੌਦ, ਲਸੋਈ ਆਦਿ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਡੁੱਬ ਜਾਵੇਗੀ।
ਪੀੜਤ ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਲਸਾੜਾ ਡਰੇਨ ’ਚੋਂ ਪਾਣੀ ਦੀ ਤੁਰੰਤ ਨਿਕਾਸੀ ਦਾ ਹੱਲ ਕਰੇ। ਪਿੰਡ ਰਾਣਵਾਂ ਨੇੜੇ ਬਣ ਰਹੇ ਪੁਲ ਦੇ ਪਿੱਲਰ ਦਾ ਵੀ ਨੋਟਿਸ ਲਵੇ ਨਹੀਂ ਤਾਂ ਭਵਿੱਖ ਵਿੱਚ ਵੀ ਇਹ ਪਿੱਲਰ ਸਮੱਸਿਆ ਬਣਿਆ ਕਰੇਗਾ।