ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਮਈ
ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ 101 ਮੈਂਬਰੀ ਵਫ਼ਦ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਂ ਮੰਗਾਂ ਸਬੰਧੀ ਯਾਦ ਪੱਤਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਜਲਦੀ ਵਿੱਤ ਮੰਤਰੀ ਪੰਜਾਬ ਵੱਲੋਂ ਸਾਂਝੇ ਫਰੰਟ ਦੇ ਆਗੂਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿੱਚ ਪੈਨਲ ਮੀਟਿੰਗ ਤੈਅ ਕਰਵਾਈ ਜਾਵੇ। ਵਫਦ ਦੀ ਅਗਵਾਈ ਸਾਂਝਾ ਫਰੰਟ ਦੇ ਸੁੂਬਾਈ ਕਨਵੀਨਰਾਂ ਰਣਜੀਤ ਸਿੰਘ ਰਾਣਵਾਂ, ਅਭਿਨਾਸ਼ ਸ਼ਰਮਾ, ਪ੍ਰੇਮ ਸਾਗਰ ਨੇ ਕੀਤੀ। ਉਨ੍ਹਾਂ ਵਿਧਾਇਕਾ ਨੂੰ ਸਪੱਸ਼ਟ ਕੀਤਾ ਕਿ ਜੇਕਰ ਛੇਤੀ ਪੈਨਲ ਮੀਟਿੰਗ ਤੈਅ ਕਰਕੇ ਮੰਗਾਂ ਦਾ ਨਿਪਟਾਰਾ ਨਾ ਹੋਇਆ ਤਾਂ ਉਨ੍ਹਾਂ ਨੂੰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਆਗੂਆਂ ਨੇ ਦੱਸਿਆ ਕਿ 4 ਜੂਨ ਨੂੰ ਸੰਗਰੂਰ ਵਿੱਚ 500 ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੈਪੂਟੇਸ਼ਨ ਵਿੱਤ ਮੰਤਰੀ ਪੰਜਾਬ ਦੀ ਕੋਠੀ ਪੁੱਜ ਕੇ ਯਾਦ ਪੱਤਰ ਦੇਵੇਗਾ। ਵਫ਼ਦ ’ਚ ਜ਼ਿਲ੍ਹਾ ਕਨਵੀਨਰ ਜਗਦੀਸ਼ ਸ਼ਰਮਾ, ਹਰਜੀਤ ਸਿੰਘ ਬਾਲੀਆ, ਮਾਲਵਿੰਦਰ ਸਿੰਘ ਸੰਧੂ ਤੇ ਸੀਤਾ ਰਾਮ ਸਰਮਾ ਆਦਿ ਸ਼ਾਮਲ ਸਨ।