ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਫਰਵਰੀ
ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਲਹਿਰਾ ਅਤੇ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਅੱਜ ਤਿੰਨ-ਤਿੰਨ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਹਨ ਜਿਸ ਕਾਰਨ ਜ਼ਿਲ੍ਹੇ ਵਿੱਚ ਕੁੱਲ ਉਮੀਦਵਾਰਾਂ ਦੀ ਗਿਣਤੀ 58 ਰਹਿ ਗਈ ਹੈ। 4 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖ਼ਰੀ ਦਿਨ ਹੈ ਜਿਸ ਮਗਰੋਂ ਹੀ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਉਮੀਦਵਾਰਾਂ ਦੀ ਸਥਿਤੀ ਸਪੱਸ਼ਟ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਲਹਿਰਾ ਵਿਚ ਅੱਜ ਤਿੰਨ ਉਮੀਦਵਾਰਾਂ ਗਗਨਦੀਪ ਕੌਰ, ਪਰਮਜੀਤ ਕੌਰ ਅਤੇ ਗਗਨਦੀਪ ਕੌਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਗਰੋਂ ਹਲਕਾ ਲਹਿਰਾ ’ਚ 13 ਉਮੀਦਵਾਰਾਂ ਦੇ ਨਾਮਜਦਗੀ ਪੱਤਰ ਯੋਗ ਪਾਏ ਗਏ ਸਨ। ਅੱਜ ਤਿੰਨ ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਮਗਰੋਂ ਹਲਕੇ ’ਚ ਉਮੀਦਵਾਰਾਂ ਦੀ ਗਿਣਤੀ 10 ਰਹਿ ਗਈ ਹੈ। ਉਧਰ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਵੀ ਤਿੰਨ ਉਮੀਦਵਾਰਾਂ ਰੁਲਦੂ ਰਾਮ, ਨਵਦੀਪ ਸਿੰਘ ਅਤੇ ਰਾਜਿੰਦਰ ਕੌਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਹਨ। ਸੁਨਾਮ ਹਲਕੇ ’ਚ ਕੁੱਲ 17 ਉਮਦੀਵਾਰਾਂ ’ਚੋ 3 ਉਮੀਦਵਾਰਾਂ ਦੀ ਕਾਗਜ਼ ਵਾਪਸੀ ਮਗਰੋਂ ਹੁਣ ਉਮੀਦਵਾਰਾਂ ਦੀ ਗਿਣਤੀ 14 ਰਹਿ ਗਈ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਕੁੱਲ ਪੰਜ ਵਿਧਾਨ ਸਭਾ ਹਲਕਿਆਂ ਲਹਿਰਾ, ਸੰਗਰੂਰ, ਦਿੜ੍ਹਬਾ, ਸੁਨਾਮ ਅਤੇ ਧੂਰੀ ਵਿੱਚ ਕੁੱਲ 115 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ। ਪੜਤਾਲ ਦੌਰਾਨ 51 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਅਯੋਗ ਪਾਏ ਗਏ ਹਨ ਜਿਸ ਮਗਰੋਂ ਉਮੀਦਵਾਰਾਂ ਦੀ ਗਿਣਤੀ 64 ਰਹਿ ਗਈ ਸੀ। ਅੱਜ 6 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਮਗਰੋਂ ਹੁਣ ਜ਼ਿਲ੍ਹੇ ’ਚ ਕੁੱਲ ਉਮੀਦਵਾਰਾਂ ਦੀ ਗਿਣਤੀ 58 ਰਹਿ ਗਈ ਹੈ। 4 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖ਼ਰੀ ਦਿਨ ਹੈ।
ਚਾਰ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ
ਪਾਤੜਾਂ (ਗੁਰਨਾਮ ਸਿੰਘ ਚੌਹਾਨ) : ਹਲਕਾ ਸ਼ੁਤਰਾਣਾ (ਰਿਜ਼ਰਵ) ਲਈ ਕਾਗਜ਼ਾਂ ਦੀ ਪੜਤਾਲ ਮਗਰੋਂ ਚਾਰ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ। ਚੋਣ ਅਧਿਕਾਰੀ ਅੰਕੁੁਰਜੀਤ ਸਿੰਘ ਨੇ ਦੱਸਿਆ ਕਿ ਕੁੱਲ 18 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ।