ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਅਪਰੈਲ
ਲਹਿਰਾਗਾਗਾ ਦੇ ਪਾਵਰਕੌਮ ਨੇ ਥਾਣੇ ਛਾਜਲੀ ’ਚ ਪਿੰਡ ਮੌਜੋਵਾਲ ਨੇੜੇ ਖੇਤਾਂ ਉਪਰੋਂ ਲੰਘਦੀਆਂ ਬਿਜਲੀ ਤਾਰਾਂ ਚੋਰੀ ਹੋਣ ਦਾ ਮਾਮਲਾ ਦਰਜ ਕਰਵਾਇਆ ਹੈ। ਸੂਤਰਾਂ ਅਨੁਸਾਰ 11 ਅਪਰੈਲ ਨੂੰ 800 ਮੀਟਰ ਲਾਈਨ ਦੀ ਤਾਰ ਚੋਰੀ ਹੋ ਗਈ ਸੀ ਅਤੇ 17 ਅਪਰੈਲ ਨੂੰ ਵਿਭਾਗ ਵੱਲੋਂ ਨਵੀਂਆਂ ਤਾਰਾਂ ਪਾਈਆਂ ਸਨ ਅਤੇ ਰਾਤ ਨੂੰ ਹੀ ਤਾਰਾਂ ਮੁੜ ਗਾਇਬ ਹੋਈਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਬਿੱਕਰ ਸਿੰਘ ਖੋਖਰ, ਬਲਾਕ ਆਗੂ ਗੁਰਚਰਨ ਸਿੰਘ ਖੋਖਰ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਖੇਤਾਂ ਵਿੱਚੋਂ ਬਿਜਲੀ ਦੇ ਟਰਾਂਸਫਾਰਮਰ ਅਤੇ ਹੇਠਾਂ ਮੋਟਰ ਨੂੰ ਜਾਣ ਵਾਲੀਆਂ ਤਾਰਾਂ ਚੋਰੀ ਹੋ ਗਏ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਚੋਰਾਂ ਨੂੰ ਜਲਦੀ ਫੜਿਆ ਜਾਵੇ ਨਹੀਂ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਐੱਸਡੀਓ ਕੁਨਾਲ ਕਾਲੜਾ ਨੇ ਕਿਹਾ ਕਿ ਐੱਫਆਈਆਰ ਦਰਜ ਕਰਵਾਈ ਹੈ। ਐੱਸਐੱਚਓ ਸਦਰ ਇੰਸਪੈਕਟਰ ਦਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਟੀਮਾਂ ਇਲਾਕੇ ਦੇ ਸੀਸੀਟੀਵੀ ਘੋਖ ਰਹੀਆਂ ਹਨ।