ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਜਨਵਰੀ
ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਬਿਜਲੀ ਬਿਲਾਂ ਦੇ ਬਕਾਏ ਦੇ ਹੱਲ ਲਈ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ ਨੇ ਦੱਸਿਆ ਕਿ ਪਿੰਡ ਸੰਗਤਪੁਰਾ ਅਤੇ ਗੰਢੂਆਂ ਦੇ ਖੇਤ ਮਜ਼ਦੂਰ ਪਰਿਵਾਰਾਂ ਨੂੰ ਬਿਜਲੀ ਦੇ ਬਕਾਏ ਬਿੱਲਾਂ ਵਿੱਚ ਦੁਬਾਰਾ ਲਾ ਕੇ ਭੇਜੇ ਜਾ ਰਹੇ ਹਨ, ਜਿਸ ਕਰਕੇ ਮਜ਼ਦੂਰ ਪਰਿਵਾਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਨੇ ਦੋ ਕਿਲੋਵਾਟ ਤੱਕ ਖੜ੍ਹੇ ਬਿੱਲ ਬਕਾਏ 30 ਸਤੰਬਰ ਤੱਕ ਮੁਆਫ਼ ਕਰਨ ਦੀ ਹਦਾਇਤ ਕੀਤੀ ਸੀ ਜੋ ਪਾਵਰ ਕਾਰਪੋਰੇਸ਼ਨ ਵੱਲੋਂ ਅੱਜ ਤੱਕ ਨਹੀਂ ਕੀਤੇ ਗਏ, ਸਗੋਂ ਇਨ੍ਹਾਂ ਖੜ੍ਹੇ ਬਕਾਇਆਂ ਦੀ ਆੜ ’ਚ ਮੀਟਰ ਪੁੱਟੇ ਜਾ ਰਹੇ ਹਨ। ਇਸ ਮੌਕੇ ਜਥੇਬੰਦੀ ਦੇ ਆਗੂ ਭੋਲਾ ਸਿੰਘ, ਜੰਗੀਰ ਸਿੰਘ, ਕਾਲਾ ਸਿੰਘ ਗੰਢੂਆਂ, ਨਾਜ਼ੀ ਸਿੰਘ, ਕਰਨੈਲ ਸਿੰਘ ਸੰਗਤਪੁਰਾ ਹਾਜ਼ਰ ਸਨ। ਪਾਵਰਕਾਮ ਦੇ ਸੀਨੀਅਰ ਐਸਡੀਓ ਕੁਨਾਲ ਕਾਲੜਾ ਨੇ ਦੱਸਿਆ ਕਿ ਪਾਵਰਕਾਮ ਨੇ ਸੱਤਵੇਂ ਮਹੀਨੇ ਤੱਕ ਦੋ ਕਿਲੋਵਾਟ ਤੱਕ ਦੇ ਬਕਾਇਆ ਬਿਲ ਮੁਆਫ ਕਰ ਦਿੱਤੇ ਹਨ ਅਤੇ ਅਗਲੇ ਬਿਲ ਨਿਯਮ ਅਨੁਸਾਰ ਹੀ ਭੇਜੇ ਜਾ ਰਹੇ ਹਨ।