ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਜੂਨ
ਇਥੇ ਸ਼ਹਿਰ ’ਚ ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਦੀ ਪੁਰਾਣੀ ਰਿਹਾਇਸ਼ ਨੇੜੇ ਕੱਪੜੇ ਦੇ ਦੁਕਾਨਦਾਰ ਨੇ ਦੇਰ ਸ਼ਾਮ ਆਪਣੀ ਪਤਨੀ ਅਨੀਤਾ ਰਾਣੀ ਦਾ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲੀਸ ਨੇ ਮ੍ਰਿਤਕਾਂ ਦੀ ਲੜਕੀ ਪੂਜਾ ਸਿੰਗਲਾ ਦੇ ਬਿਆਨ ’ਤੇ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਦੀਆਂ ਦੋ ਲੜਕੀਆ ਤੇ ਲੜਕਾ ਹੈ। ਕੇਵਲ ਕ੍ਰਿਸ਼ਨ ਵਾਰਡ ਨੰਬਰ ਇੱਕ ਵਿਚ ਕੱਪੜੇ ਦੀ ਦੁਕਾਨ ਕਰਦਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ। ਉਸਨੇ ਆਪਣੀ ਪਤਨੀ ਨਾਲ ਤਕਰਾਰ ਪਿੱਛੋਂ ਚਾਕੂ ਦੇ ਕਈ ਵਾਰ ਕੀਤੇ। ਅਨੀਤਾ ਰਾਣੀ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਸਦਰ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਅਤੇ ਚੌਕੀ ਇੰਚਾਰਜ ਜਾਗਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।