ਰਮੇਸ਼ ਭਾਰਦਵਾਜ
ਲਹਿਰਾਗਾਗਾ,14 ਅਕਤੂਬਰ
ਲਹਿਰਾਗਾਗਾ ’ਚ ਪਾਵਰਕੌਮ ਡਿਵੀਜ਼ਨ ਦਫ਼ਤਰ ਦੇ ਬੀਕੇਯੂ ਉਗਰਾਹਾਂ ਵੱਲੋਂ ਚਾਰ ਦਿਨਾਂ ਤੋਂ ਘਿਰਾਓ ਕਰਨ ਦਾ ਮਸਲਾ ਲਗਾਤਾਰ ਗੰਭੀਰ ਹੋ ਰਿਹਾ ਹੈ। ਅੱਜ ਚੌਥੇ ਦਿਨ ਐਕਸੀਅਨ ਦਫ਼ਤਰ ਅਤੇ ਪਾਵਰਕੌਮ ਸ਼ਹਿਰੀ ਸਬ ਡਿਵੀਜ਼ਨ ਦੇ ਕਰਮਚਾਰੀਆਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ, ਜਿਸ ਕਰਕੇ ਬਿਜਲੀ ਬਿੱਲ ਅਤੇ ਹੋਰ ਕੰਮ ਲਈ ਆਉਂਦੇ ਖਪਤਕਾਰ ਪ੍ਰੇਸ਼ਾਨ ਹੋਏ। ਕਰਮਚਾਰੀ ਮੰਡੀ ’ਚ ਕਿਰਾਏ ਦੀ ਇਮਾਰਤ ’ਚ ਚੱਲ ਰਹੇ ਦਫ਼ਤਰ ’ਚ ਹਾਜ਼ਰੀ ਲਾਉਣ ਲਈ ਮਜਬੂਰ ਹਨ। ਕਰਮਚਾਰੀਆਂ ਨੂੰ ਕੱਲ੍ਹ ਜ਼ਰੂਰੀ ਦਫਤਰ ’ਚ ਦਾਖਲ ਹੋਣ ਦੀ ਛੋਟ ਦਿੱਤੀ ਸੀ ਪਰ ਚੌਥੇ ਦਿਨ ਘਿਰਾਓ ਕਰਕੇ ਅੰਦਰ ਨਹੀਂ ਦਾਖਲ ਹੋਣ ਦਿੱਤਾ ਜਾ ਰਿਹਾ। ਜਥੇਬੰਦੀ ਦੇ ਬਲਾਕ ਐਕਟਿੰਗ ਪ੍ਰਧਾਨ ਰਾਮ ਸਿੰਘ ਢੀਂਡਸਾ, ਬਹਾਦਰ ਸਿੰਘ ਭੁਟਾਲ, ਲੀਲਾ ਸਿੰਘ ਚੋਟੀਆਂ, ਦਰਸ਼ਨ ਸਿੰਘ ਚੰਗਾਲੀਵਾਲਾ , ਭੋਲਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਤਿਆਰ ਖੜ੍ਹੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। ਬਿਜਲੀ ਬੋਰਡ ਦੁਆਰਾ ਬਿਜਲੀ ਸਪਲਾਈ ਨਹੀਂ ਕੀਤੀ ਜਾ ਰਹੀ। ਪਾਵਰਕੌਮ ਦੇ ਸੀਨੀਅਰ ਐੋੱਸਡੀਓ ਕੁਨਾਲ ਕਾਲੜਾ ਦਾ ਕਹਿਣਾ ਹੈ ਕਿ ਪਾਵਰਕੌਮ ਨੇ ਬਿਜਲੀ ਮੁੱਲ ਖਰੀਦ ਲਈ ਹੈ ਅਤੇ ਕੱਲ੍ਹ ਤੋਂ 10 ਘੰਟੇ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਬਿਜਲੀ ਦੇਣਾ ਲੋਕਲ ਅਧਿਕਾਰੀਆਂ ਦੀ ਥਾਂ ਪਾਵਰ ਕੰਟਰੋਲਰ ਪਟਿਆਲਾ ਦੇ ਹੱਥ ’ਚ ਹੈ।