ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਅਪਰੈਲ
ਇਥੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਅੰਡਰ-ਬ੍ਰਿਜ ਨੇੜੇ ਜਥੇਬੰਦੀ ਦੇ ਦਫ਼ਤਰ ਵਿਖੇ ਮਹੀਨਾਵਾਰ ਮੀਟਿੰਗ ਕੀਤੀ ਗਈ, ਜਿਸ ਵਿਚ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੂਟਾਲ ਕਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਬਲਾਕ ਆਗੂਆਂ ਸਮੇਤ ਸਾਰੀਆਂ ਪਿੰਡ ਇਕਾਈਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਆਗੂਆਂ ਨੇ ਦੱਸਿਆ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਟੀਚਰਾਂ ਵਲੋਂ ਲੰਮੇਂ ਸਮੇਂ ਤੋਂ ਰੁਕੀਆਂ ਤਨਖਾਹਾਂ ਨੂੰ ਬਹਾਲ ਕਰਾਉਣ ਸਬੰਧੀ ਚੱਲ ਰਹੇ ਮੋਰਚੇ ਦੀ 27 ਅਪਰੈਲ ਨੂੰ ਹਮਾਇਤ ਕੀਤੀ ਜਾਵੇਗੀ। ਵੱਡਾ ਇਕੱਠ ਕਰਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਬਹਾਦਰ ਸਿੰਘ ਭੂਟਾਲ, ਹਰਵਿੰਦਰ ਸਿੰਘ ਨੰਗਲਾ, ਸੂਬਾ ਸਿੰਘ ਸੰਗਤਪੁਰਾ ਅਤੇ ਬਲਾਕ ਆਗੂ ਹਾਜ਼ਰ ਸਨ।