ਰਮੇਸ਼ ਭਾਰਦਵਾਜ
ਲਹਿਰਾਗਾਗਾ, 1 ਦਸੰਬਰ
ਇਥੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ ਖੇਤੀ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ ਲਹਿਲ ਖੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਲਗਾਤਾਰ ਚਲ ਰਹੇ ਮੋਰਚੇ ਨੂੰ 425ਵੇਂ ਦਿਨ ਜਥੇਬੰਦੀ ਨੇ ਐਲਾਨ ਕੀਤਾ ਕਿ ਕਾਨੂੰਨ ਵਾਪਸੀ ਬਿੱਲ ਰਾਜ ਸਭਾ ਅਤੇ ਲੋਕ ਸਭਾ ਵਿਚ ਪਾਸ ਤਾਂ ਹੋ ਚੁੱਕੇ ਹਨ ਪਰ ਰਾਸ਼ਟਰਪਤੀ ਦੀ ਮੋਹਰ ਬਾਕੀ, ਐੱਮਐੱਸਪੀ ਉਤੇ ਕਾਨੂੰਨ, ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਨੌਕਰੀ, ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ, ਸੰਘਰਸ਼ ਦੌਰਾਨ ਕਿਸਾਨਾਂ ਉੱਤੇ ਪਾਏ ਪਰਚੇ ਰੱਦ ਕਰਵਾਉਣ ਲਈ ਸੰਘਰਸ਼ ਇਸ ਤਰ੍ਹਾਂ ਚੱਲੇਗਾ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ, ਹਰਪ੍ਰੀਤ ਸਿੰਘ ਲਹਿਲ ਕਲਾ, ਮਿੰਦਰ ਸਿੰਘ ਘੋੜੇਨਬ, ਬੰਤ ਦਾਸ ਸੇਖੂਵਾਸ,ਜੱਸੀ ਸੇਖੂਵਾਸ, ਗੁਰਦਾਸ ਸਿੰਘ ਸੇਖੂਵਾਸ, ਜਸਵੀਰ ਕੌਰ ਲਹਿਲ ਕਲਾਂ ਨੇ ਸੰਬੋਧਨ ਕੀਤਾ। ਆਗੂਆਂ ਅਤੇ ਪਿੰਡ ਸੇਖੂਵਾਸ ਵਾਸੀਆਂ ਨੇ ਲੱਗ ਰਹੇ ਟਾਵਰ ਦੇ ਸਬੰਧੀ ਪ੍ਰਸ਼ਾਸਨ ਨੂੰ ਸਖ਼ਤ ਲਹਿਜ਼ੇ ਵਿਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਟਾਵਰ ਦਾ ਕੰਮ ਕਿਸੇ ਵੀ ਹਾਲਤ ਵਿੱਚ ਸ਼ੁਰੂ ਕੀਤਾ ਤਾਂ ਉਹ ਐੱਸਡੀਐੱਮ ਦਫਤਰ ਦਾ ਘਿਰਾਓ ਕਰਨਗੇ।