ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਅਪਰੈਲ
ਇਥੇ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ’ਚ 36 ਮਹੀਨੇ ਤੋਂ ਤਖਾਹ ਨਾ ਮਿਲਣ ਕਰਕੇ ਦੁਖੀ ਕਲਰਕ ਦਵਿੰਦਰ ਸਿੰਘ ਨਮਿਤ ਪਾਠ ਦੇ ਭੋਗ ਪਾਏ ਗਏ। ਇਸ ’ਚ ਵਿਧਾਇਕ ਬਰਿੰਦਰ ਗੋਇਲ ਵੱਲੋਂ ਮ੍ਰਿਤਕ ਦੀ ਪਤਨੀ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕੌਮੀ ਪ੍ਰਧਾਨ ਜੌਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸੂਬਾ ਸਰਕਾਰ ਕਾਲਜ ਬੰਦ ਕਰਨ ਲਈ ਤਿਆਰ ਹੈ। ਇਸ ਦੀਆਂ ਨੀਤੀਆਂ ਦਾ ਸਭ ਨੂੰ ਪਤਾ ਹੈ। ਜਥੇਬੰਦੀ ਇਸ ਨੂੰ ਬੰਦ ਨਹੀਂ ਹੋਣ ਦੇਵਾਂਗੀ। ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਉਹ ਦਵਿੰਦਰ ਸਿੰਘ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਪੀੜਤ ਪਰਿਵਾਰ ਦੀ ਮਦਦ ਲਈ ਪੰਜ ਲੱਖ ਰੁਪਏ ਪਹਿਲਾਂ ਸਸਕਾਰ ਸਮੇਂ ਦੇ ਦਿੱਤੇ ਅਤੇ ਪੰਜ ਲੱਖ ਰੁਪਏ ਦਾ ਚੈੱਕ ਅੱਜ ਦੇ ਦਿੱਤਾ ਹੈ। ਬਾਕੀ 20 ਲੱਖ 38 ਹਜ਼ਾਰ ਦੇ ਲਗਪਗ ਤਨਖਾਹਾਂ ਆਦਿ ਬਕਾਏ ਹਨ ਉਸ ਵਾਸਤੇ ਕਾਗਜ਼ ਤਿਆਰ ਹੋ ਚੁੱਕੇ ਹਨ ਜੋ ਅਗਲੇ ਹਫ਼ਤੇ ਦੇ ਦਿੱਤੇ ਜਾਣਗੇ। ਇਸ ਮੌਕੇ ਮਹਿੰਦਰ ਬਾਗੀ, ਆਯੂਰਵੈਦਿਕ ਸੇਵਾ ਸੰਘ ਦੇ ਬਲਾਕ ਨੈਬ ਸਿੰਘ, ਪਰਮਜੀਤ ਸਿੰਘ ਮੀਤ ਪ੍ਰਧਾਨ ਐਕਸ ਆਰਮੀ ਵੈਲਫੇਅਰ, ਕਾਮਰੇਡ ਗੁਲਜਾਰ ਸਿੰਘ ਗੌਰੀ, ਏਟਕ ਦੇ ਸੂਬਾ ਸਕੱਤਰ ਸੁਖਦੇਵ ਸ਼ਰਮਾ ਨੇ ਵੀ ਸ਼ਰਧਾਜਲੀ ਦਿੱਤੀ।