ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 6 ਅਗਸਤ
ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਦਿਨੋਂ ਦਿਨ ਵਧ ਰਹੀ ਮਹਿੰਗਾਈ ਅਤੇ ਦੇਸ਼ ਵਿੱਚ ਹੋ ਰਹੀਆਂ ਗ਼ੈਰਮਨੁੱਖੀ ਘਟਨਾਵਾਂ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੋਟਰਸਾਈਕਲਾਂ ’ਤੇ ਰੋਸ ਮਾਰਚ ਕੀਤਾ ਗਿਆ।
ਕੁੱਲ ਹਿੰਦ ਕਿਸਾਨ ਸਭਾ, ਖੇਤ ਮਜ਼ਦੂਰ ਯੂਨੀਅਨ ਤੇ ਸੀਟੂ ਦੇ ਸੱਦੇ ’ਤੇ ਕੀਤੇ ਗਏ ਮਾਰਚ ਨੂੰ ਤੋਰਨ ਪਹਿਲਾਂ ਸੰਬੋਧਨ ਕਰਦਿਆਂ ਕਾਮਰੇਡ ਜਰਨੈਲ ਸਿੰਘ ਜਨਾਲ, ਕਾਮਰੇਡ ਵਰਿੰਦਰ ਕੌਸ਼ਿਕ, ਐਡਵੋਕੇਟ ਮਿੱਤ ਸਿੰਘ ਜਨਾਲ ਅਤੇ ਹੰਗੀ ਖ਼ਾਂ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਕਾਰਪੋਰੇਟ ਮਿੱਤਰਾਂ ਅੰਬਾਨੀ ਤੇ ਅਡਾਨੀ ਨੂੰ ਲਾਭ ਪੁਹੰਚਾਉਣ ਲਈ ਜਾਣ-ਬੁੱਝ ਕੇ ਤੇਲ ਤੇ ਗੈਸ ਨੂੰ ਜੀਐਸਟੀ ਦੇ ਦਾਇਰੇ ਵਿੱਚ ਲੈ ਕੇ ਨਹੀਂ ਆ ਰਹੀ, ਜਿਸ ਕਾਰਨ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਮੋਦੀ ਸਰਕਾਰ ਅੰਬਾਨੀ, ਅਡਾਨੀ ਦਾ ਕਬਜ਼ਾ ਅਨਾਜ ’ਤੇ ਕਰਵਾ ਕੇ ਅਨਾਜ ਦੀਆਂ ਕੀਮਤਾਂ ਨੂੰ ਅਸਮਾਨੀਂ ਚਾੜ੍ਹਨਾ ਚਾਹੁੰਦੀ ਹੈ। ਕਮਿਊਨਿਸਟ ਆਗੂਆਂ ਨੇ ਦਿੱਲੀ ਦੀ 9 ਸਾਲਾ ਨਾਬਾਲਗ ਦਲਿਤ ਬਾਲੜੀ ਨਾਲ ਕੁਕਰਮ ਕਰਨ ਤੋਂ ਬਾਅਦ ਉਸ ਨੂੰ ਕਤਲ ਕਰਨ ਵਾਲੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਆਵਾਜ਼ ਵੀ ਬੁਲੰਦ ਕੀਤੀ। ਉਨ੍ਹਾਂ ਕਿਸਾਨ ਵਿਰੋਧੀ ਵਿਰੋਧੀ ਕਾਨੂੰਨ ਅਤੇ ਨਵੇਂ ਬਣਾਏ ਲੇਬਰ ਕੋਡ ਵੀ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਕਾਮਰੇਡ ਨਿਰਮਲ ਸਿੰਘ, ਮਾਸਟਰ ਦਰਸ਼ਨ ਸਿੰਘ ਮੱਟੂ, ਗੁਰਚਰਨ ਸਿੰਘ ਜਖੇਪਲ, ਵਿਸ਼ਵਮੀਤ ਸਿੰਘ ਸਰਾਓ, ਅਮਨਦੀਪ ਸਿੰਘ , ਗੁਰਚਰਨ ਸਿੰਘ ਚੌਹਾਨ, ਲਖਵਿੰਦਰ ਸਿੰਘ ਚਹਿਲ, ਅਮਰੀਕ ਸਿੰਘ ਸਾਬਕਾ ਸਰਪੰਚ, ਓਮ ਪ੍ਰਕਾਸ਼ ਰੇਹੜੀ ਯੂਨੀਅਨ, ਬਲਦੇਵ ਸਿੰਘ ਲੱਧੜ, ਦਲਜੀਤ ਸਿੰਘ ਗਿੱਲ ਤੇ ਚਮਕੀਲਾ ਸਿੰਘ ਆਦਿ ਵੀ ਮੌਜੂਦ ਸਨ।