ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਜੂਨ
ਕਾਂਗਰਸ ਦੇ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੇ ਲੰਘੀ ਰਾਤ ਲਹਿਰਾਗਾਗਾ ਦੇ ਰਾਮੇ ਵਾਲੀ ਖੂਹੀ ਚੌਕ ’ਤੇ ਪਿੰਡ ਲੇਹਲ ਕਲਾਂ ਵਿੱਚ ਲੋਕ ਸਭਾ ਹਲਕਾ ਸੰਗਰੂਰ ਦੇ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਬੀਬੀ ਭੱਠਲ ਨੇ ਕਿਹਾ ਕਿ ਬਾਦਲਾਂ ਨੇ ਪੰਥ ਨੂੰ ਖਤਰਾ ਦੱਸ ਕੇ ਦੋ ਵਾਰ ਸਰਕਾਰ ਬਣਾਈ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਰਿਸ਼ਤੇਦਾਰਾਂ ਨੂੰ ਮੰਤਰੀ, ਕੈਬਨਿਟ ਮੰਤਰੀ ਬਣਾਇਆ। ਸਰਕਾਰ ਬਣਾ ਕੇ ਚਿੱਟੇ ਦੇ ਕਾਰੋਬਾਰ ਨੂੰ ਅੱਗੇ ਵਧਾਇਆ।
ਬੀਬੀ ਭੱਠਲ ਨੇ ਕਿਹਾ ਕਿ ਹੁਣ ਆਮ ਪਾਰਟੀ ਨੇ ਬਦਲਾਅ ਦਾ ਝੂਠਾ ਨਾਅਰਾ ਲਾ ਕੇ ਸਰਕਾਰ ਤਾਂ ਬਣਾ ਲਈ, ਪਰ ਹੁਣ ਬਦਲਾਅ ਤੇ ਇਨਕਲਾਬ ਕਿਹੋ ਜਿਹਾ ਆਇਆ, ਖੁਦ ਦੇਖਿਆ ਜਾ ਸਕਦਾ ਹੈ। ਤਿੰਨ ਮਹੀਨਿਆਂ ਦੇ ਅੰਦਰ- ਅੰਦਰ ਸੈਂਕੜੇ ਕਤਲ ਪੰਜਾਬ ਵਿੱਚ ਹੋ ਚੁੱਕੇ ਹਨ ਅਤੇ ਲੁੱਟਾਂ- ਖੋਹਾਂ ਤੇ ਨਸ਼ਿਆਂ ਦੇ ਕਾਰੋਬਾਰ ਵਧ-ਫੁੱਲ ਰਹੇ ਹਨ ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਤਿੰਨ ਮਹੀਨਿਆਂ ਵਿੱਚ ਹੀ ਲੜਖੜਾ ਗਈ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਜ਼ਿਮਨੀ ਚੋਣ ਸੰਗਰੂਰ ਹੁਣ ਇੱਕ ਸੁਨਹਿਰੀ ਮੌਕਾ ਹੈ ਜਿਸ ਰਾਹੀਂ ਮਾਨ ਸਰਕਾਰ ਨੂੰ ਸਬਕ ਸਿਖਾਇਆ ਜਾ ਸਕਦਾ ਹੈ। ਇਸ ਲਈ ਕਾਂਗਰਸ ਦੇ ਨੌਜਵਾਨ ਉਮੀਦਵਾਰ ਦਲਵੀਰ ਗੋਲਡੀ ਦੇ ਹੱਥ ਮਜ਼ਬੂਤ ਕੀਤੇ ਜਾਣ। ਇਸ ਮੌਕੇ ਲੇਹਲ ਕਲਾਂ ਵਿੱਚ ਉਮੀਦਵਾਰ ਦਲਬੀਰ ਗੋਲਡੀ ਨੂੰ ਲੱਡੂਆਂ ਨਾਲ ਤੋਲਿਆ ਗਿਆ।
ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ, ਰਮਨਜੀਤ ਸਿੰਘ ਸਿੱਕੀ, ਬੁਲਾਰੀਆ, ਬਿਕਰਮਜੀਤ ਬਾਜਵਾ, ਮੋਫਰ ਅਤੇ ਹੋਰ ਵੀ ਹਲਕੇ ਦੇ ਸਰਪੰਚ, ਪੰਚ ਅਤੇ ਮੋਹਤਬਰ ਵਿਅਕਤੀ ਮੌਜੂਦ ਸਨ। ਪਿੰਡ ਲੇਹਲ ਕਲਾ ਦੇ ਸਰਪੰਚ ਜਸਵਿੰਦਰ ਸਿੰਘ ਰਿੰਪੀ ਨੇ ਆਗੂਆਂ ਦਾ ਧੰਨਵਾਦ ਕੀਤਾ।
ਖਹਿਰਾ ਤੇ ਗਿੱਲ ਵੱਲੋਂ ਪਿੰਡਾਂ ’ਚ ਚੋਣ ਰੈਲੀਆਂ
ਸ਼ੇਰਪੁਰ (ਬੀਰਬਲ ਰਿਸ਼ੀ): ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਲਾਕ ਸ਼ੇਰਪੁਰ ਦੇ ਪਿੰਡਾਂ ’ਚ ਚੋਣ ਰੈਲੀਆਂ ਕੀਤੀਆਂ। ਖਹਿਰਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਸਬਕ ਸਿਖਾਉਣ ਲਈ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਨੌਜਵਾਨ ਦਲਵੀਰ ਸਿੰਘ ਗੋਲਡੀ ਖੰਗੂੜਾ ਨੂੰ ਜਿਤਾਉਣਾ ਸਮੇਂ ਦੀ ਮੁੱਖ ਲੋੜ ਹੈ। ਪਿੰਡ ਕਾਲਾਬੂਲਾ, ਈਨਾਬਾਜਵਾ, ਰਾਮਨਗਰ ਛੰਨਾ, ਵਜੀਦਪੁਰ ਬਧੇਸੇ, ਅਲੀਪੁਰ, ਮਾਹਮਦਪੁਰ, ਬੜੀ ਸਮੇਤ ਇੱਕ ਦਰਜ਼ਨ ਪਿੰਡਾਂ ਵਿੱਚ ਕੀਤੀਆਂ ਰੈਲੀਆਂ ਦੌਰਾਨ ਆਗੂਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ’ਤੇ ਲਿਆ। ਇਸੇ ਦੌਰਾਨ ਹਲਕਾ ਪੱਟੀ ਤੋਂ ਸਾਬਕਾ ਵਿਧਾਇਕ ਹਰਮੰਦਰ ਸਿੰਘ ਗਿੱਲ ਨੇ ਵੀ ਗੋਲਡੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਗੋਲਡੀ ਨੇ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਦਲਵੀਰ ਸਿੰਘ ਗੋਲਡੀ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਅੱਜ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਕਰ ਕੇ ਹਮਾਇਤ ਦੇਣ ਦੀ ਅਪੀਲ ਕੀਤੀ ਗਈ। ਇੱਥੋਂ ਨੇੜਲੇ ਪਿੰਡ ਚੰਨੋਂ, ਨਦਾਮਪੁਰ ਤੇ ਆਲੋਅਰਖ ਵਿੱਚ ਪਾਰਟੀ ਉਮੀਦਵਾਰ ਗੋਲਡੀ ਅਤੇ ਸਾਬਕਾ ਮੰਤਰੀ ਸਿੰਗਲਾ ਨੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਆਪਣੀ ਮਾੜੀ ਕਾਰਗੁਜ਼ਾਰੀ ਕਾਰਨ ਸਿਰਫ ਤਿੰਨ ਮਹੀਨਿਆਂ ਅੰਦਰ ਹੀ ਫੇਲ੍ਹ ਹੋਣ ਕਿਨਾਰੇ ਪਹੁੰਚ ਗਈ ਹੈੈ।