ਪੱਤਰ ਪ੍ਰੇਰਕ
ਲਹਿਰਾਗਾਗਾ, 22 ਜੁਲਾਈ
ਇੱਥੇ ਸੀਬਾ ਇੰਟਰਨੈਸ਼ਨ ਸਕੂਲ ’ਚ ਗੁੱਡ ਲਰਨਿੰਗ ਸਾਫਟਵੇਅਰ ਸਰਵਿਸਜ਼ ਵੱਲੋਂ ਸ਼ੁਰੂ ਕੀਤੇ ਗਏ ਵਿੱਦਿਆ ਦੇ ਪਸਾਰ ਲਈ ਤਕਨੀਕੀ ਪਲੇਟਫਾਰਮ ‘ਸ਼ਬਦ ਲੰਗਰ’ ਦਾ ਆਗਾਜ਼ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਅਤੇ ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਸ਼ਾਇਰ ਸੁਰਜੀਤ ਪਾਤਰ ਨੇ ਕੀਤਾ। ਇਸ ਮੌਕੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਜਗਬੀਰ ਸਿੰਘ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਈਸ ਚਾਂਸਲਰ ਡਾ. ਨੀਲਮ ਗਰੇਵਾਲ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਚਿੰਤਕ ਅਮਰਜੀਤ ਸਿੰਘ ਗਰੇਵਾਲ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਡਾ. ਬਲਕਾਰ ਸਿੰਘ, ਸਵਰਨਜੀਤ ਸਵੀ, ਕਵੀ ਜਸਵੰਤ ਜਫ਼ਰ ਤੇ ਕੇਹਰ ਸਿੰਘ ਨੇ ਸੰਬੋਧਨ ਕਰਦਿਆਂ ਇਸ ਤਕਨੀਕ ਨਾਲ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਦੇ ਕਦਮ ਨੂੰ ਮੀਲਪੱਥਰ ਦੱਸਿਆ। ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ‘ਸ਼ਬਦ ਲੰਗਰ’ ਦਾ ਪਸਾਰ ਬੇਹੱਦ ਜ਼ਰੂਰੀ ਹੈ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਮਸ਼ੀਨੀਕਰਨ ਨੇ ਮਨੁੱੱਖ ਨੂੰ ਸੰਵੇਦਨਹੀਣ ਮਾਡਲ ਦਿੱਤਾ ਹੈ।