ਨਿਜੀ ਪੱਤਰ ਪ੍ਰੇਰਕ
ਸੰਗਰੂਰ, 21 ਅਗਸਤ
ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇਥੇ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਬਹੁ-ਕਰੋੜੀ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਲੋਕ ਭਲਾਈ ਲਈ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਸਿੰਗਲਾ ਵੱਲੋਂ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਅਤਿ-ਆਧੁਨਿਕ ਰੇਡੀਆਲੋਜੀ ਬਲਾਕ ਅਤੇ 6 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਲੜਕੀਆਂ ਦੇ ਹੋਸਟਲ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰਾਜੈਕਟਾਂ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਰਣਬੀਰ ਕਲੱਬ ਨੇੜੇ 3 ਕਰੋੜ 92 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੀ ਡਾਕਟਰਾਂ ਦੀ ਰਿਹਾਇਸ਼ ਅਤੇ 3 ਕਰੋੜ 90 ਲੱਖ ਦੀ ਲਾਗਤ ਨਾਲ ਕੈਂਸਰ ਹਸਪਤਾਲ ’ਚ ਹੀ ਰਿਹਾਇਸ਼ੀ ਖੇਤਰ ਦੇ ਵਿਕਾਸ ਲਈ ਬਲਾਕ ਦੇ ਨੀਂਹ ਪੱਥਰ ਵੀ ਰੱਖੇ।
ਉਨ੍ਹਾਂ ਦੱਸਿਆ ਕਿ ਇਹ ਹਸਪਤਾਲ ਨਾ ਕੇਵਲ ਸੰਗਰੂਰ ਸਗੋਂ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਦੇ ਕੈਂਸਰ ਪੀੜਤਾਂ ਦੇ ਇਲਾਜ ਲਈ ਵੀ ਵਰਦਾਨ ਸਾਬਤ ਹੋ ਰਿਹਾ ਹੈ। ਹਾਲ ਹੀ ਵਿੱਚ ਮਿਲੀਆਂ ਰਿਪੋਰਟਾਂ ਮੁਤਾਬਕ ਪਹਿਲਾਂ ਕੈਂਸਰ ਦੇ ਮਰੀਜ਼ ਰੇਲ ਗੱਡੀ ਰਾਹੀਂ ਬੀਕਾਨੇਰ ਜਾਂਦੇ ਸਨ ਪਰ ਹੁਣ ਦੂਰ-ਦਰਾਡੇ ਤੋਂ ਇਲਾਜ ਲਈ ਸੰਗਰੂਰ ਦੇ ਕੈਂਸਰ ਹਸਪਤਾਲ ’ਚ ਆਉਂਦੇ ਹਨ। ਸ਼੍ਰੀ ਸਿੰਗਲਾ ਨੇ ਕਿਹਾ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੈਟ-ਸੀ.ਟੀ. ਮਸ਼ੀਨ ਲਈ 15 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਅਤੇ ਜਲਦ ਹੀ ਇਹ ਮਸ਼ੀਨ ਕੈਂਸਰ ਹਸਪਤਾਲ ’ਚ ਸਥਾਪਿਤ ਕਰਵਾ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਇਲਾਜ ਕਰਵਾਉਣ ਵਾਲੇ 90 ਫੀਸਦੀ ਤੋਂ ਵਧੇਰੇ ਮਰੀਜ਼ਾਂ ਦਾ ਇਲਾਜ ਮੁਫ਼ਤ ਹੁੰਦਾ ਹੈ ਅਤੇ ਹਸਪਤਾਲ ਵਿੱਚ ਕੀਮੋਥੈਰੇਪੀ ਦਵਾਈਆਂ, ਸਾਧਾਰਨ ਦਵਾਈਆਂ ਅਤੇ ਸਰਜੀਕਲ ਦੇ ਮੁੱਲ ‘ਤੇ 70 ਪ੍ਰਤੀਸ਼ਤ ਤੱਕ ਦੀ ਛੋਟ ਦਿੱਤੀ ਜਾਂਦੀ ਹੈ। ਇਸ ਮੌਕੇ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੇ ਡਾਇਰੈਕਟਰ ਡਾ. ਆਰ.ਏ. ਬਡਵੇ, ਡੀਸੀ ਸ੍ਰੀ ਰਾਮਵੀਰ, ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਦੇ ਡਾਇਰੈਕਟਰ ਡਾ. ਰਾਕੇਸ਼ ਕਪੂਰ, ਚੀਫ਼ ਇੰਜਨੀਅਰ ਐਨ ਆਰ. ਗੋਇਲ, ਐਚ.ਡੀ.ਐਫ.ਸੀ. ਬੈਂਕ ਦੇ ਉੱਤਰੀ-2 ਦੇ ਬ੍ਰਾਂਚ ਬੈਂਕਿੰਗ ਮੁਖੀ ਵਿਨੀਤ ਅਰੋੜਾ, ਡਾ. ਨਿਤਿਨ ਮਰਾਠੇ ਆਦਿ ਮੌਜੂਦ ਸਨ।
ਰੱਖੜੀ ਦਾ ਤੋਹਫ਼ਾ: ਸਿੰਗਲਾ ਵੱਲੋਂ ਜ਼ਿਲ੍ਹੇ ’ਚ ਪਹਿਲੇ ਮਹਿਲਾ ਥਾਣੇ ਦਾ ਉਦਘਾਟਨ
ਸੰਗਰੂਰ ਜ਼ਿਲ੍ਹੇ ’ਚ ਧੀਆਂ-ਭੈਣਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮਕਸਦ ਨਾਲ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਅੱਜ ਮਹਿਲਾਵਾਂ ਨੂੰ ਰੱਖੜੀ ਦੇ ਤੋਹਫ਼ੇ ਵਜੋਂ ਜ਼ਿਲ੍ਹੇ ਦੇ ਪਹਿਲੇ ਪੁਲੀਸ ਥਾਣੇ ਦਾ ਸਥਾਨਕ ਪੰਚਾਇਤ ਭਵਨ (ਨੇੜੇ ਵਾਰ ਹੀਰੋਜ਼ ਸਟੇਡੀਅਮ) ਵਿਖੇ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਸਿੰਗਲਾ ਨੇ ਦੱਸਿਆ ਕਿ ਮਹਿਲਾਵਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਮਾਮਲਿਆਂ ਨੂੰ ਸੰਜੀਦਗੀ ਨਾਲ ਨਜਿੱਠਣ ਲਈ ਇਸ ਮਹਿਲਾ ਥਾਣੇ ਦੀ ਸ਼ੁਰੂਆਤ ਕਰਵਾਈ ਹੈ। ਇਸ ਮਹਿਲਾ ਥਾਣੇ ਅੰਦਰ ਐਸ.ਐਚ.ਓ. ਤੋਂ ਲੈ ਕੇ ਹੇਠਲੇ ਪੱਧਰ ਤੱਕ ਸਾਰੇ ਮਹਿਲਾ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਹਨ। ਉਨ੍ਹਾਂ ਕਿਹਾ ਕਿ ਮਹਿਲਾ ਥਾਣੇ ’ਚ ਸਿਰਫ਼ ਮਹਿਲਾ ਪੁਲੀਸ ਅਫ਼ਸਰ ਤੇ ਕਰਮਚਾਰੀ ਤਾਇਨਾਤ ਕਰਨ ਦਾ ਮਕਸਦ ਘਰੇਲੂ ਜਾਂ ਕਿਸੇ ਹੋਰ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਤੇ ਲੜਕੀਆਂ ਨੂੰ ਇਨ੍ਹਾਂ ਅਪਰਾਧਾਂ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਨੂੰ ਸੁਖਾਲਾ ਕਰਨਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਪੁਰਸ਼ ਪੁਲੀਸ ਅਫ਼ਸਰ ਦੀ ਮੌਜੂਦਗੀ ਹੋਣ ਕਾਰਨ ਕਈ ਮਹਿਲਾਵਾਂ ਆਪਣੇ ਵਿਰੁੱਧ ਹੋਈ ਹਿੰਸਾ ਦੇ ਮਾਮਲੇ ਦੀ ਸ਼ਿਕਾਇਤ ਕਰਨ ਤੋਂ ਝਿਜਕ ਜਾਂਦੀਆਂ ਹਨ। ਇਸੇ ਝਿਜਕ ਤੇ ਡਰ ਨੂੰ ਦੂਰ ਕਰਨ ਲਈ ਹੀ ਇਸ ਮਹਿਲਾ ਥਾਣੇ ਦੀ ਸ਼ੁਰੂਆਤ ਕੀਤੀ ਹੈ ਜਿੱਥੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਕਿਸੇ ਹੋਰ ਅਪਰਾਧ ਦੀਆਂ ਸ਼ਿਕਾਰ ਹੋਈਆਂ ਔਰਤਾਂ ਜਾਂ ਲੜਕੀਆਂ ਬੇਝਿਜਕ ਹੋ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੀਆਂ। ਉਨਾਂ ਕਿਹਾ ਕਿ ਇਸ ਮਹਿਲਾ ਥਾਣੇ ’ਚ ਮਹਿਲਾਵਾਂ ਵਿਰੁੱਧ ਹੋਏ ਅਪਰਾਧਾਂ ਨੂੰ ਸੰਜੀਦਗੀ ਨਾਲ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਡੀਸੀ ਸ੍ਰੀ ਰਾਮਵੀਰ, ਐਸਐਸਪੀ ਵਿਵੇਕ ਸ਼ੀਲ ਸੋਨੀ, ਐਸ.ਪੀ. ਆਲਮ ਵਿਜੇ ਸਿੰਘ, ਡੀਐਸਪੀ ਸੱਤਪਾਲ ਸ਼ਰਮਾ, ਮਹਿਲਾ ਥਾਣੇ ਦੀ ਐਸ.ਐਚ.ਓ. ਰਮਨਦੀਪ ਕੌਰ, ਮਹਿਲਾ ਕਾਂਗਰਸੀ ਆਗੂ ਬਲਵੀਰ ਕੌਰ ਸੈਣੀ, ਬਲਜੀਤ ਜੀਤੀ, ਪ੍ਰੀਤੀ ਮਹੰਤ, ਆਦਿ ਅਨੇਕਾਂ ਸ਼ਾਮਲ ਸਨ।