ਸੰਦੌੜ: ਪੰਜਾਬ ਦੇ ਪਿੰਡਾਂ ਨੂੰ ਕੂੜਾ ਮੁਕਤ ਕਰਨ ਦੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮਾਲੇਰਕੋਟਲਾ, ਬੀਡੀਪੀਓ ਦਫਤਰ ਮਾਲੇਰਕੋਟਲਾ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮਾਲੇਰਕੋਟਲਾ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਾਂਝੇ ਉਪਰਾਲੇ ਨਾਲ ਠੋਸ ਰਹਿੰਦ ਖੂੰਹਦ ਪ੍ਰਬੰਧਨ (ਸੋਲਿਡ ਵੇਸਟ ਮੈਨੇਜਮੈਂਟ) ਦਾ ਪਿੰਡ ਭੂਦਨ ਵਿੱਚ ਪ੍ਰਾਜੈਕਟ ਸ਼ੁਰੂ ਕੀਤਾ ਗਿਆ। ਬੀ.ਡੀ.ਪੀ.ਓ ਦਫ਼ਤਰ ਦੀ ਮਦਦ ਨਾਲ ਖਾਦ ਟੋਇਆਂ ਦਾ ਨਿਰਮਾਣ ਕਰਨ ਤੋਂ ਬਾਅਦ ਇਕ ਸਮਾਗਮ ਦੌਰਾਨ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਪਿੰਡ ਦੇ ਹਰ ਇਕ ਘਰ ਲਈ 2 ਤਰ੍ਹਾਂ ਦੇ ਕੂੜਾਦਾਨ ਵੰਡੇ ਗਏ। ਇਸ ਮੌਕੇ ਕੂੜੇ ਦੀ ਪ੍ਰਦਰਸ਼ਨੀ ਲਗਾਕੇ ਲੋਕਾਂ ਨੂੰ ਗਿੱਲੇ ਕੂੜੇ ਅਤੇ ਸੁੱਕੇ ਕੂੜੇ ਬਾਰੇ ਸਮਝਾਇਆ ਗਿਆ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜਨੀਅਰ ਜਿੰਮੀ ਖਾਨ, ਗੁਰਜੀਤ ਕੌਰ, ਸੰਦੀਪ ਕੌਰ, ਰਜਨੀਸ਼ ਕੁਮਾਰ ਆਦਿ ਨੇ ਲੋਕਾਂ ਨੂੰ ਇਸ ਪ੍ਰਾਜੈਕਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। -ਪੱਤਰ ਪ੍ਰੇਰਕ