ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 7 ਸਤੰਬਰ
ਇਥੋਂ ਦੇ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਨਰਿੰਦਰ ਪਾਲ ਸਿੰਘ ਨੇ ਕੀਰਤਨ ਦੀ ਹਾਜ਼ਰੀ ਭਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਸੰਗਤਾਂ ਨੂੰ ਖੋਜ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਗਿਆਨਜੋਤ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਹੁਤ ਹੀ ਘੱਟ ਦਰਾਂ ‘ਤੇ ਬਿਮਾਰੀਆਂ ਦੀ ਜਾਂਚ ਲਈ ਚੈਰੀਟੇਬਲ ਲੈਬਾਰਟਰੀ ਸ਼ੁਰੂ ਕੀਤੀ ਗਈ, ਜਿਸ ਦਾ ਉਦਘਾਟਨ ਸਹਾਇਕ ਕਮਿਸ਼ਨਰ (ਜਨਰਲ) ਮਾਲੇਰਕੋਟਲਾ ਰਵਿੰਦਰ ਸਿੰਘ ਨੇ ਕੀਤਾ। ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਸ ਚੈਰੀਟੇਬਲ ਲੈਬਾਰਟਰੀ ਵਿੱਚ ਬਹੁਤ ਹੀ ਘੱਟ ਦਰਾਂ ‘ਤੇ ਬਿਮਾਰੀਆਂ ਦੀ ਜਾਂਚ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਸਵੇਰੇ 7 ਵਜੇ ਤੋਂ 12 ਵਜੇ ਤੱਕ ਹੋਇਆ ਕਰੇਗੀ। ਇਸ ਮੌਕੇ ਸਾਬਕਾ ਸੂਚਨਾ ਕਮਸ਼ਿਨਰ ਅਜੀਤ ਸਿੰਘ ਚੰਦੂਰਾਈਆਂ ਨੇ ਸੰਗਤਾਂ ਦਾ ਧੰਨਵਾਦ ਕੀਤਾ।