ਪੱਤਰ ਪ੍ਰੇਰਕ
ਲਹਿਰਾਗਾਗਾ, 3 ਦਸੰਬਰ
ਇੱਥੇ ਸਿਵਲ ਹਸਪਤਾਲ ’ਚ ਸੋਸ਼ਲ ਵੈੱਲਫੇਅਰ ਕਮੇਟੀ ਵੱਲੋਂ ਪਲੈਨਿਟ ਵਨ ਅਰਥ ਨਾਮੀਂ ਪਬਲਿਕ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਨੰਨ੍ਹੇ ਬੱਚਿਆਂ ਨਵੀ, ਕਰਿਤਨ, ਅਨੰਨਿਆ ਅਤੇ ਸਾਂਚੀ ਨੇ ਸਾਂਝੇ ਤੌਰ ’ਤੇ ਕੀਤਾ।
ਸਵੱਛ ਲਹਿਰਾ-ਤੰਦਰੁਸਤ ਲਹਿਰਾ ਮੁਹਿੰਮ ਦੇ ਬਰਾਂਡ ਅੰਬੈਸਡਰ ਮਾਸਟਰ ਅਰੁਣ ਗਰਗ ਨੇ ਦੱਸਿਆ ਕਿ ਇਸ ਦਾ ਲਾਇਬ੍ਰੇਰੀ ਦਾ ਮਕਸਦ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਪੈਦਾ ਕਰ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕਰਨਾ ਹੈ। ਇਸ ਲਾਇਬ੍ਰੇਰੀ ’ਚ ਸ਼ਹੀਦ ਭਗਤ ਸਿੰੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਖੁਦੀ ਰਾਮ ਬੋਸ, ਅਬਰਾਹਮ ਲਿੰਕਨ, ਮਹਾਤਮਾ ਗਾਂਧੀ, ਸ਼ੁਭਾਸ਼ ਚੰਦਰ ਬੋਸ ਅਤੇ ਸਵਾਮੀ ਵਿਵੇਕਾ ਨੰਦ ਦੀ ਜ਼ਿੰਦਗੀ ਅਤੇ ਫ਼ਿਲਾਸਫੀ ਨਾਲ ਸਬੰਧਿਤ ਕਿਤਾਬਾਂ ਰੱਖੀਆਂ ਹਨ। ਇਹ ਕਿਤਾਬਾਂ ਮੁਫ਼ਤ ਪੜ੍ਹਨ ਲਈ ਦਿੱਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਹਸਪਤਾਲ ਦੇ ਨੇੜਲੇ ਸਲੱਮ ਇਲਾਕੇ ’ਚ ਰਹਿੰਦੇ ਬੱਚਿਆਂ ਨੂੰ ਕੋਵਿਡ-19 ਦੌਰਾਨ ਮੋਬਾਈਲ ਸਹੂਲਤਾਂ ਨਾ ਹੋਣ ਕਰ ਕੇ ਪੈਣ ਵਾਲੇ ਵਿਦਿਅਕ ਘਾਟੇ ਨੂੰ ਲਾਇਬ੍ਰੇਰੀ ਰਾਹੀਂ ਪੂੁਰਾ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਮੌਕੇ ਲਾਇਬ੍ਰੇਰੀ ਦਾ ਲੋਗੋ ਵੀ ਜਨਤਕ ਕੀਤਾ ਗਿਆ।
ਇਸ ਮੌਕੇ ਸੋਸ਼ਲ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਇਕਬਾਲ ਬਾਲੀ, ਡਾ. ਸ਼ੀਸ਼ ਪਾਲ ਆਨੰਦ, ਸੱਤਪਾਲ ਸਿੰਘ, ਮਾਸਟਰ ਰਮੇਸ਼ ਕੁਮਾਰ, ਸੁਖਵਿੰਦਰ ਲਾਲੀ, ਸੁਨੀਲ ਗੋਇਲ, ਐਸਡੀਓ ਗੀਤਾ ਰਾਮ, ਰਿੰਕੂ ਸਿੰਗਲਾ ਆਦਿ ਹਾਜ਼ਰ ਸਨ।