ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 25 ਜੁਲਾਈ
ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ 29 ਜੁਲਾਈ ਨੂੰ ਪਟਿਆਲਾ ਸ਼ਹਿਰ ’ਚ ਹੋਣ ਜਾ ਰਹੀ ਮੁਲਾਜ਼ਮਾਂ ਦੀ ‘ਹੱਲਾ ਬੋਲ’ ਰੈਲੀ ਸਬੰਧੀ ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਸੰਗਰੂਰ ਦੀ ਅਹਿਮ ਮੀਟਿੰਗ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਪਾਰਕ ਵਿੱਚ ਹੋਈ। ਮੀਟਿੰਗ ਦੌਰਾਨ ਸਾਂਝਾ ਅਧਿਆਪਕ ਮੋਰਚਾ ਨੇ ਇਸ ਸੂਬਾਈ ਰੈਲੀ ਲਈ ਅਧਿਆਪਕਾਂ ’ਚ ਵਿਆਪਕ ਲਾਮਬੰਦੀ ਮੁਹਿੰਮ ਚਲਾਉਂਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਨੂੰ ਸ਼ਾਮਲ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਮੋਰਚੇ ਦੇ ਆਗੂਆਂ ਨਿਰਭੈ ਸਿੰਘ, ਦੇਵੀ ਦਿਆਲ, ਵਰਿੰਦਰਜੀਤ ਸਿੰਘ ਬਜਾਜ, ਪਰਮਿੰਦਰ ਲੌਂਗੋਵਾਲ ਆਦਿ ਨੇ ਦੱਸਿਆ ਕਿ ਇਹ ਰੈਲੀ ਮੁਲਾਜ਼ਮ ਮੰਗਾਂ ਨੂੰ ਹੱਲ ਕਰਵਾਉਣ ਲਈ ਕੀਤੀ ਜਾ ਰਹੀ ਹੈ।
ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਜਾਰੀ
ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਬੇਰੁਜ਼ਗਾਰਾਂ ਵੱਲੋਂ ਇਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੇਮਿਆਦੀ ਪੱਕਾ ਮੋਰਚੇ ਦੇ 270ਵੇਂ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।