ਰਮੇਸ਼ ਭਾਰਦਵਾਜ
ਲਹਿਰਾਗਾਗਾ, 19 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਆਖਿਆ ਕਿ ਸਿੰਜਾਈ ਵਿਭਾਗ ਸੰਗਤਪੁਰਾ ਨਹਿਰੀ ਕੋਠੀ ਦਾ ਵਾਰ-ਵਾਰ ਕਬਜ਼ਾ ਵਾਰੰਟ ਲੈ ਕੇ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਤੋਂ ਗੁਰੇਜ਼ ਕਰਦਿਆਂ ਗੱਲਬਾਤ ਦਾ ਰਾਹ ਅਖ਼ਤਿਆਰ ਕਰੇ। ਉਹ ਅੱਜ ਪਿੰਡ ਸੰਗਤਪੁਰਾ ਵਿੱਚ ਨਹਿਰੀ ਕੋਠੀ ਦੇ ਕਬਜ਼ਾ ਵਾਰੰਟ ਨੂੰ ਲੈ ਕੇ ਕਿਸਾਨਾਂ ਦੇ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਸ੍ਰੀ ਪਿਸ਼ੌਰ ਨੇ ਕਿਹਾ ਕਿ ਟਕਰਾਅ ਨਾਲ ਮਸਲੇ ਹੱਲ ਹੋਣ ਦੀ ਥਾਂ ਵਿਗੜ ਜਾਂਦੇ ਹਨ, ਇਸ ਲਈ ਸਿੰਜਾਈ ਵਿਭਾਗ ਇਸ ਮਸਲੇ ਤੋਂ ਨਜਿੱਠਣ ਲਈ ਸਹਿਯੋਗ ਕਰੇ। ਉਨ੍ਹਾਂ ਦੱਸਿਆ ਕਿ ਨਹਿਰੀ ਜ਼ਮੀਨ ਦਾ ਖ਼ਰੀਦਦਾਰ ਸਿੱਧਾ ਹੈ ਅਤੇ ਵਿਭਾਗ ਉਸ ਦੀ ਇਮਾਨਦਾਰੀ ਨੂੰ ਕਮਜ਼ੋਰੀ ਨਾ ਸਮਝੇ। ਉਨ੍ਹਾਂ ਕਿਹਾ ਕਿ ਜਥੇਬੰਦੀ ਸਾਫ਼ ਸ਼ਬਦਾਂ ਵਿੱਚ ਦੱਸ ਰਹੀ ਹੈ ਕਿ ਵਿਭਾਗ ਨੂੰ ਇਸ ਥਾਂ ਦਾ ਕਬਜ਼ਾ ਨਹੀਂ ਲੈਣ ਦਿੱਤਾ ਜਾਵੇਗਾ, ਭਾਵੇਂ ਕਿ ਬਦਲੇ ਵਿੱਚ ਜਥੇਬੰਦੀ ਨੂੰ ਇਸ ਦੀ ਕਿੰਨੀ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਚਾਹੁੰਦੀ ਹੈ ਕਿ ਵਿਭਾਗ ਕੋਠੀ ਅਤੇ ਇਸ ਦੀ ਜ਼ਮੀਨ ਦੇ ਖ਼ਰੀਦਦਾਰ ਨੂੰ ਬੋਲੀ ਦੀਆਂ ਸ਼ਰਤਾਂ ਅਨੁਸਾਰ ਜ਼ਮੀਨ ਅਤੇ ਬਾਕੀ ਸਾਮਾਨ ਪੂਰਾ ਕਰ ਕੇ ਦੇਵੇ। ਜੇਕਰ ਖ਼ਰੀਦਦਾਰ ਵੱਲ ਵਿਭਾਗ ਦਾ ਕਿਸੇ ਤਰ੍ਹਾਂ ਦਾ ਕੋਈ ਬਕਾਇਆ ਨਿਕਲਦਾ ਹੈ ਤਾਂ ਜਥੇਬੰਦੀ ਉਸ ਨੂੰ ਭਰਾਉਣ ਦੀ ਜ਼ਿੰਮੇਵਾਰੀ ਵੀ ਲੈਂਦੀ ਹੈ। ਜ਼ਿਕਰਯੋਗ ਹੈ ਕਿ ਕਬਜ਼ਾ ਵਾਰੰਟ ਲੈਣ ਲਈ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ।