ਬੀਰਬਲ ਰਿਸ਼ੀ
ਸ਼ੇਰਪੁਰ, 21 ਸਤੰਬਰ
ਈਨਾਬਾਜਵਾ ਜ਼ਮੀਨੀ ਵਿਵਾਦ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਐੱਸਐੱਸਪੀ ਸੰਗਰੂਰ ਨੇ ਮਾਮਲੇ ਦੀ ਜਾਂਚ ਲਈ ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਸਿੱਟ ਦਾ ਗਠਨ ਕਰ ਦਿੱਤਾ। ਹਾਲੇ ਕੁਝ ਦਿਨ ਪਹਿਲਾਂ ਹੀ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਮਿਲੇ ਪਿੰਡ ਈਨਾਬਾਜਵਾ ਵਾਸੀਆਂ ਨੇ ਐੱਸਐੱਸਪੀ ਨੂੰ ਸੰਗਰੂਰ ਨੂੰ ਨਿਰਪੱਖ ਜਾਂਚ ਲਈ ਦਰਖਾਸ਼ਤ ਦਿੱਤੀ ਸੀ। ਵਰਨਣਯੋਗ ਹੈ ਕਿ ਪਿੰਡ ਈਨਾਬਾਜਵਾ ਦੇ ਲੋਕਾਂ ਨੇ ਮੁਕੱਦਮਾਂ ਨੰਬਰ 58/13-7-2022 ਤਹਿਤ ਜ਼ੇਰੇ ਧਾਰਾ 341, 323, 447, 511, 506, 427, 148, 149 ਅਤੇ ਮੁਕੱਦਮਾ ਨੰਬਰ 59/ 17-7-2022 ਨੂੰ ਧਾਰਾ 379, 447, 511, 427, 120-ਬੀ ਤਹਿਤ ਮਾਮਲਾ ਉਸ ਸਮੇਂ ਦਰਜ ਕੀਤਾ ਸੀ ਜਦੋਂ ਬੀਕੇਯੂ ਉਗਰਾਹਾਂ ਨੇ ਥਾਣਾ ਸ਼ੇਰਪੁਰ ਅੱਗੇ ਪੱਕਾ ਧਰਨਾ ਲਾ ਕੇ ਪੁਲੀਸ ਕੋਲ ਪਰਚ ਦਰਜ ਕੀਤੇ ਜਾਣ ਦੀ ਜ਼ੋਰਦਾਰ ਮੰਗ ਉਠਾਈ ਸੀ। ਕਿਸਾਨ ਜਥੇਬੰਦੀ ਦਾ ਦੋਸ਼ ਸੀ ਕਿ ਪਿੰਡ ਈਨਾਬਾਜਵਾ ਦੇ ਲੋਕਾਂ ਨੇ ਦੂਜੀ ਧਿਰ ਨਾਲ ਆਏ ਜਥੇਬੰਦੀ ਦੇ ਬਲਾਕ ਪ੍ਰਧਾਨ ਸਣੇ ਹੋਰ ਆਗੂਆਂ ’ਤੇ ਹਮਲਾ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ। ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਈਸਾਪੁਰ ਅਤੇ ਕਰਮਜੀਤ ਸਿੰਘ ਛੰਨਾ ਨੇ ਦੱਸਿਆ ਕਿ ਉਨ੍ਹਾਂ ਦੀ ਬਲਾਕ ਕਮੇਟੀ ਨੇ ਪਹਿਲਾਂ ਈਨਾਬਾਜਵਾ ਵਾਸੀਆਂ ’ਤੇ ਪੁਲੀਸ ਪਰਚੇ ਦਰਜ ਕਰਨ ਦੀ ਖੁਦ ਪੜਤਾਲ ਕੀਤੀ ਜਿਸ ਵਿੱਚ ਪਾਇਆ ਗਿਆ ਕਿ ਇਹ ਪਰਚੇ ਝੂਠੇ ਹਨ ਤੇ ਕਿਸੇ ਪ੍ਰਭਾਵ ਹੇਠ ਦਰਜ ਕੀਤੇ ਗਏ ਹਨ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਹੇੜੀਕੇ ਨੇ ਕਿਹਾ ਕਿ ਦੂਜੀ ਕਿਸਾਨ ਜਥੇਬੰਦੀ ਉਨ੍ਹਾਂ ਦੇ ਬਰਾਬਰ ਖੜ੍ਹੀ ਕਿਊਂ ਹੋਈ, ਇਹ ਤਾਂ ਉਹੀ ਦੱਸ ਸਕਦੇ ਹਨ। ਉਂਜ, ਉਹ ਉਨ੍ਹਾਂ ਦੇ ਸੂਬਾਈ ਆਗੂਆਂ ਦੇ ਧਿਆਨ ਵਿੱਚ ਜ਼ਰੂਰ ਲਿਆਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਸ਼ੇਰਪੁਰ ਪੁਲੀਸ ਨੇ ਉਨ੍ਹਾਂ ਦੀ ਜਥੇਬੰਦੀ ਨੂੰ ਇਸੇ ਮਹੀਨੇ ਦੋਵੇਂ ਮੁਕੱਦਮਿਆਂ ਵਿੱਚ ਚਲਾਨ ਪੇਸ਼ ਕਰਨ ਦਾ ਭਰੋਸਾ ਦਿੱਤਾ ਹੈ। ਬੀਕੇਯੂ ਡਕੌਂਦਾ ਵੱਲੋਂ ਡਟ ਕੇ ਪਿੰਡ ਈਨਾਬਾਜਵਾ ਦੇ ਲੋਕਾਂ ਨਾਲ ਖੜ੍ਹਨ ਮਗਰੋਂ ਹੁਣ ਬੀਕੇਯੂ ਏਕਤਾ ਉਗਰਾਹਾਂ ਤੇ ਡਕੌਂਦਾ ਇਸ ਮਾਮਲੇ ’ਤੇ ਇੱਕ ਦੂਜੇ ਦੇ ਆਹਮੋ-ਸਾਹਮਣੇ ਆ ਗਈਆਂ ਹਨ।
ਉਧਰ, ਡੀਐੱਸਪੀ ਯੋਗੇਸ਼ ਸ਼ਰਮਾ ਨੇ ਸੰਪਰਕ ਕਰਨ ’ਤੇ ਪੁਲੀਸ ਵੱਲੋਂ ਤਿੰਨ ਮੈਂਬਰੀ ਸਿੱਟ ਦੇ ਗਠਿਨ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਸਿੱਟ ਵਿੱਚ ਐੱਸਪੀ (ਡੀ) ਪਲਵਿੰਦਰ ਚੀਮਾ, ਉਹ ਖੁਦ ਤੇ ਐੱਸਐੱਚਓ ਸ਼ੇਰਪੁਰ ਨੂੰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿੱਟ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਇਸੇ ਹਫ਼ਤੇ ਪੜਤਾਲ ਸ਼ੁਰੂ ਕਰੇਗੀ।