ਬੀਰਬਲ ਰਿਸ਼ੀ
ਸ਼ੇਰਪੁਰ, 5 ਜੂਨ
ਪਿੰਡ ਰਾਮਨਗਰ ਛੰਨਾ ਦੇ ਦੋ ਸਕੇ ਭਰਾਵਾਂ ਦੀ ਜ਼ਮੀਨੀ ਵੰਡ ਦੇ ਮਾਮਲੇ ਦੇ ਮੱਦੇਨਜ਼ਰ ਬੀਕੇਯੂ ਏਕਤਾ ਉਗਰਾਹਾਂ ਨੇ ਪੁਲੀਸ ’ਤੇ ਇੱਕ ਧਿਰ ਨਾਲ ਜ਼ਿਆਦਤੀ ਕਰਨ ਦੇ ਦੋਸ਼ ਲਾਉਂਦਿਆਂ ਥਾਣਾ ਸ਼ੇਰਪੁਰ ਅੱਗੇ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ।
ਬੁਲਾਰਿਆਂ ਅਨੁਸਾਰ ਰਾਮਨਗਰ ਛੰਨਾ ਦੇ ਦੋ ਸਕੇ ਭਰਾਵਾਂ ਵਿੱਚੋਂ ਇੱਕ ਨੇ ਆਪਣੀ ਮਾਤਾ ਤੋਂ ਜ਼ਮੀਨ ਆਪਣੇ ਨਾਮ ਕਰਵਾ ਲਈ ਸੀ ਅਤੇ ਮਾਤਾ ਦੀ ਮੌਤ ਮਗਰੋਂ ਪਤਾ ਲੱਗਣ ’ਤੇ ਦੂਜੀ ਧਿਰ ਨੇ ਇੰਤਕਾਲ ਰੋਕ ਦਿੱਤਾ। ਇਹ ਮਾਮਲਾ ਐੱਸਡੀਐੱਮ ਧੂਰੀ ਕੋਲ ਹੋਣ ਤੋਂ ਇਲਾਵਾ ਅਦਾਲਤ ਵਿੱਚ ਵੀ ਵਿਚਾਰਨਯੋਗ ਹੈ। ਹਾਲ ਹੀ ਦੌਰਾਨ ਇੱਕ ਭਰਾ ਵੱਲੋਂ ਆਪਣਾ ਤੇ ਆਪਣੀਆਂ ਭੈਣਾ ਦਾ ਹਿੱਸਾ ਵਾਹੇ ਜਾਣ ਤੋਂ ਵਿਵਾਦ ਅੱਜ ਮੁੜ ਭਖਿਆ ਜਿਸ ’ਤੇ ਪੁਲੀਸ ਨੇ ਉਸ ਵਿਅਕਤੀ ਨੂੰ ਥਾਣੇ ਲਿਆਂਦਾ। ਬੀਕੇਯੂ ਏਕਤਾ ਉਗਰਾਹਾਂ ਦੇ ਇਕਾਈ ਦੇ ਮੋਹਰੀ ਆਗੂ ਬਲਵੰਤ ਸਿੰਘ ਛੰਨਾ ਨੇ ਇਸ ਮਾਮਲੇ ’ਤੇ ਪੁਲੀਸ ’ਤੇ ਇੱਕ ਧਿਰ ਦੀ ਢਾਲ ਬਣ ਕੇ ਵਿਚਰਨ ਦੇ ਦੋਸ਼ ਲਾਉਂਦਿਆਂ ਥਾਣੇ ਅੱਗੇ ਧਰਨਾ ਲਗਾ ਦਿੱਤਾ। ਜਥੇਬੰਦੀ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ, ਮੀਤ ਪ੍ਰਧਾਨ ਨਾਜ਼ਰ ਸਿੰਘ ਅਤੇ ਇਕਾਈ ਪ੍ਰਧਾਨ ਬਲਵਿੰਦਰ ਸਿੰਘ, ਨੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਪੁਲੀਸ ਦੋ ਭਰਾਵਾਂ ਦੀ ਲੜਾਈ ਵਿੱਚ ਇੱਕਤਰਫਾ ਰੋਲ ਅਦਾ ਨਾ ਕਰੇ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁੱਖ ਮੰਗਾਂ ਨੂੰ ਮੰਨ ਲਿਆ ਅਤੇ ਸਬੰਧਤ ਕਿਸਾਨ ਨੂੰ ਛੱਡ ਦਿੱਤਾ ਜਿਸ ਮਗਰੋਂ ਕਿਸਾਨ ਜਥੇਬੰਦੀ ਨੇ ਧਰਨਾ ਚੁੱਕ ਲਿਆ। ਐੱਸਐੱਚਓ ਸੁਖਵਿੰਦਰ ਕੌਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਦੋਵੇਂ ਧਿਰਾਂ ਨੇ 10 ਜੂਨ ਤੱਕ ਸਮਝੌਤੇ ਲਈ ਸਮਾਂ ਮੰਗਿਆ ਹੈ ਅਤੇ ਉਦੋਂ ਤੱਕ ਕੋਈ ਧਿਰ ਵਿਵਾਦਤ ਜ਼ਮੀਨ ਵਿੱਚ ਨਹੀਂ ਜਾਵੇਗੀ। ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਤਾ ਯਕੀਨਨ ਕਾਰਵਾਈ ਕੀਤੀ ਜਾਵੇਗੀ।