ਪੱਤਰ ਪ੍ਰੇਰਕ
ਸ਼ੇਰਪੁਰ, 14 ਅਗਸਤ
ਈਨਾਬਾਜਵਾ ਜ਼ਮੀਨੀ ਵਿਵਾਦ ਸਬੰਧੀ ਬੀਕੇਯੂ ਡਕੌਂਦਾ ਦੀ ਬਲਾਕ ਕਮੇਟੀ ’ਤੇ ਅਧਾਰਿਤ ਪੜਤਾਲੀਆ ਕਮੇਟੀ ਨੇ ਪਿੰਡ ਈਨਾਬਾਜਵਾ ਦੇ ਲੋਕਾਂ ’ਤੇ ਪਾਏ ਪਰਚਿਆਂ ਨੂੰ ਝੂਠੇ ਕਰਾਰ ਦਿੰਦਿਆਂ ਇਨ੍ਹਾਂ ਨੂੰ ਵਾਪਸ ਲੈਣ ਅਤੇ ਰਾਮਨਗਰ ਛੰਨਾ ਸਮੇਤ ਇਲਾਕੇ ਅੰਦਰ ਹੋਈਆਂ ਹੋਰ ਚੋਰੀਆਂ ’ਤੇ ਕਾਰਵਾਈ ਲਈ 10 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਸ਼ੇਰਪੁਰ ਪੁਲੀਸ ਨੂੰ ਇਹ ਚੁਣੌਤੀ ਬੀਕੇਯੂ ਡਕੌਂਦਾ ਦੇ ਚੋਣਵੇਂ ਆਗੂਆਂ ਦੀ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਈਸਾਪੁਰ ਦੀ ਅਗਵਾਈ ਹੇਠ ਗੁਰਦੁਆਰਾ ਅਕਾਲ ਪ੍ਰਕਾਸ਼ ਵਿਖੇ ਹੋਈ ਮੀਟਿੰਗ ਦੌਰਾਨ ਉਕਤ ਮਸਲੇ ’ਤੇ ਕੀਤੀਆਂ ਵਿਚਾਰਾਂ ਦੌਰਾਨ ਦਿੱਤੀ ਗਈ। ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਈਸਾਪੁਰ, ਆਗੂ ਹਰਭਜਨ ਸਿੰਘ ਅਲੀਪੁਰ, ਕਰਮਜੀਤ ਸਿੰਘ ਛੰਨਾ, ਗੁਰਪ੍ਰੀਤ ਸਿੰਘ ਆਦਿ ਨੇ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੇ ਕਤਲਾਂ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਲਈ 17 ਨੂੰ ਖੀਰੀ ਜਾਣ ਦੀ ਤਿਆਰੀ ਦਾ ਵੀ ਸੱਦਾ ਦਿੱਤਾ।