ਬੀਰਬਲ ਰਿਸ਼ੀ
ਸ਼ੇਰਪੁਰ, 26 ਜੁਲਾਈ
ਬੀਡੀਪੀਓ ਦਫ਼ਤਰ ਸ਼ੇਰਪੁਰ ਵਿੱਚ ਕਈ ਬੋਲੀਆਂ ਰੱਦ ਹੋਣ ਮਗਰੋਂ ਅੱਜ ਪਿੰਡ ਹੇੜੀਕੇ ’ਚ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਹੋਈ ਬੋਲੀ ਉਸ ਸਮੇਂ ਮੁੜ ਵਿਵਾਦਾਂ ਵਿੱਚ ਘਿਰ ਗਈ ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਪਿੰਡ ਦੇ ਕੁਝ ਧਨਾਢ ਲੋਕਾਂ ਨਾਲ ਕਥਿਤ ਮਿਲੀਭੁਗਤ ਕਰਕੇ ਡੰਮੀ ਬੋਲੀ ਕਰਵਾਏ ਜਾਣ ਦੇ ਗੰਭੀਰ ਦੋਸ਼ ਲਗਾਏ। ਜਥੇਬੰਦੀ ਦੇ ਆਗੂਆਂ ਨੇ ਵਿਭਾਗ ’ਤੇ ਧਿਰ ਬਣ ਕੇ ਵਿਚਰਨ ਦੇ ਦੋਸ਼ ਲਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਬੋਲੀ ਪ੍ਰਕਿਰਿਆ ਦਾ ਬਾਈਕਾਟ ਕਰਦਿਆਂ ਬੀਡੀਪੀਓ ਦਫ਼ਤਰ ਦੇ ਦੋਵੇਂ ਗੇਟ ਬੰਦ ਕਰ ਲਏ। ਖਫ਼ਾ ਹੋਏ ਮਜ਼ਦੂਰ ਆਗੂਆਂ ਨੇ ਡੀਡੀਪੀਓ ਸ਼ਿਵੰਦਰ ਸਿੰਘ, ਬੀਡੀਪੀਓ ਜੁਗਰਾਜ ਸਿੰਘ, ਨਾਇਬ ਤਹਿਸ਼ੀਲਦਾਰ ਭੁਪਿੰਦਰ ਸਿੰਘ, ਪਿੰਡ ਹੇੜੀਕੇ ਦੀ ਪੰਚਾਇਤ ਅਤੇ ਬੋਲੀ ਦੇਣ ਆਏ ਵਿਅਕਤੀਆਂ ਨੂੰ ਵੀ ਸਵੇਰ 12 ਵਜੇ ਬੰਦੀ ਬਣਾ ਲਿਆ। ਮੁਜ਼ਾਹਰਾਕਾਰੀਆਂ ਨੇ ਜ਼ਬਰੀ ਦਫ਼ਤਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨਾਲ ਧੱਕਾਮੁੱਕੀ ਹੋਈ ਪਰ ਐੱਸਐੱਚਓ ਅਮਰੀਕ ਸਿੰਘ ਨੇ ਸਥਿਤੀ ਸੰਭਾਲ ਲਈ। ਯਾਦ ਰਹੇ ਕਿ ਪਿਛਲੇ ਵਰ੍ਹੇ ਜ਼ੈੱਡਪੀਐਸਸੀ ਨੇ ਬੋਲੀ ਨੂੰ ਡੰਮੀ ਕਰਾਰ ਦਿੰਦਿਆਂ ਪਿੰਡ ਦੇ ਤਕਰੀਬਨ 7 ਏਕੜ ਜ਼ਮੀਨ ’ਤੇ ਆਪਣਾ ਕਬਜ਼ਾ ਕਰ ਲਿਆ ਸੀ। ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨ ਆਗੂ ਬੀਬੀ ਪਰਮਜੀਤ ਕੌਰ, ਜ਼ਿਲ੍ਹਾ ਆਗੂ ਜਸਵੰਤ ਸਿੰਘ ਖੇੜੀ, ਬਲਾਕ ਆਗੂ ਸਿੰਗਾਰਾ ਸਿੰਘ, ਸਿੰਦਰ ਕੌਰ ਆਦਿ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੇ ਕਥਿਤ ਡੰਮੀ ਬੋਲੀ ਕਰਵਾਈ ਅਤੇ ਆਪਣੇ ਵਾਅਦਿਆਂ ਤੋਂ ਪਲਟੀ ਮਾਰੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਉਹ ਮੁੜ ਜ਼ਮੀਨ ’ਤੇ ਕਬਜ਼ਾ ਕਰਨਗੇ ਅਤੇ ਕਿਸੇ ਹੋਰ ਨੂੰ ਖੇਤ ਵਿੱਚ ਪੈਰ ਨਹੀਂ ਪਾਉਣ ਦੇਣਗੇ। ਉਧਰ, ਬੀਡੀਪੀਓ ਦਫ਼ਤਰ ਅੰਦਰ ਬੰਦ ਪੰਚਾਇਤੀ ਨੁੰਮਾਇੰਦਿਆਂ ਵੱਲੋਂ ਪੰਚ ਰਮਨਦੀਪ ਸਿੰਘ ਹੇੜੀਕੇ ਤੇ ਸਰਪੰਚ ਬੀਬੀ ਪਾਲਵਿੰਦਰ ਕੌਰ ਨੇ ਕਿਹਾ ਕਿ ਬੋਲੀ ਪ੍ਰਕਿਰਿਆ ਬਿਲਕੁਲ ਠੀਕ ਹੋਈ ਹੈ।
ਸਰਪੰਚ ਬੀਬੀ ਵੱਲੋਂ ਜ਼ੈੱਡਪੀਐਸੀ ਕਾਰਕੁਨਾਂ ’ਤੇ ਗੱਡੀ ਦੇ ਟਾਇਰ ਪਾੜਨ ਦੇ ਦੋਸ਼
ਸ਼ੇਰਪੁਰ: ਪਿੰਡ ਹੇੜੀਕੇ ਦੀ ਸਰਪੰਚ ਬੀਬੀ ਪਾਲਵਿੰਦਰ ਕੌਰ ਨੇ ਅੱਜ ਬੀਡੀਪੀਓ ਦਫ਼ਤਰ ਸ਼ੇਰਪੁਰ ਅੰਦਰ ਖੜ੍ਹੀ ਉਨ੍ਹਾਂ ਦੀ ਗੱਡੀ ਦੇ ਸੂਏ ਮਾਰ ਕੇ ਟਾਇਰ ਪਾੜਨ ਸਬੰਧੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ’ਤੇ ਗੰਭੀਰ ਦੋਸ਼ ਲਗਾਏ ਹਨ। ਸਰਪੰਚ ਬੀਬੀ ਪਾਲਵਿੰਦਰ ਕੌਰ ਅੱਜ ਆਪਣੇ ਪੰਜ ਹੋਰ ਸਾਥੀ ਪੰਚਾਂ ਨਾਲ ਇੱਥੇ ਆਪਣੇ ਪਿੰਡ ਦੇ ਰਾਖਵੇਂ ਕੋਟੇ ਵਾਲੀ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਲਈ ਆਏ ਸਨ। ਉਨ੍ਹਾਂ ਕਥਿਤ ਤੌਰ ’ਤੇ ਜਥੇਬੰਦੀ ਦੇ ਕਾਰਕੁਨਾਂ ’ਤੇ ਇੱਕ ਮੋਟਰਸਾਈਕਲ ਦੀ ਵੀ ਇਸੇ ਤਰ੍ਹਾਂ ਹਵਾ ਕੱਢ ਦੇਣ ਦਾ ਖੁਲਾਸਾ ਕੀਤਾ ਹੈ। ਉੱਧਰ, ਜ਼ੈੱਡਪੀਐੱਸਸੀ ਦੀ ਜ਼ੋਨਲ ਸੈਕਟਰੀ ਬੀਬੀ ਪਰਮਜੀਤ ਕੌਰ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਥੇਬੰਦੀ ਦੇ ਕਾਰਕੁਨਾਂ ’ਤੇ ਸ਼ੱਕ ਹੈ ਤਾਂ ਉਹ ਇਸਦੀ ਜਾਂਚ ਕਰਵਾ ਲੈਣ।
ਬੋਲੀ ਨੂੰ ਹਾਲੇ ‘ਹੋਲਡ’ ’ਤੇ ਰੱਖਿਆ: ਡੀਡੀਪੀਓ
ਡੀਡੀਪੀਓ ਸੰਗਰੂਰ ਸ਼ਿਵੰਦਰ ਸਿੰਘ ਨੇ ਕਿਹਾ ਕਿ ਕਾਗਜ਼ੀ ਬੋਲੀ ਗੁਰਜੰਟ ਸਿੰਘ ਦੇ ਨਾਂ ’ਤੇ ਹੋ ਗਈ ਹੈ ਪਰ ਕਿਸੇ ਵੱਡੀ ਕਾਰਵਾਈ ਤੋਂ ਪਹਿਲਾਂ ਹਾਲੇ ਪੈਸੇ ਭਰਨ ਦੀ ਬਕਾਇਆ ਪ੍ਰਕਿਰਿਆ, ਕਬਜ਼ਾ ਦਿਵਾਉਣ ਤੇ ਸਮਝੌਤੇ ਦੀ ਸੰਭਾਵਨਾ ਦੇ ਮੱਦੇਨਜ਼ਰ ਇਸਨੂੰ ‘ਹੋਲਡ’ ’ਤੇ ਰੱਖਿਆ ਗਿਆ ਹੈ। ਛੇ ਘੰਟੇ ਬੰਦੀ ਬਣਾਏ ਜਾਣ ਮਗਰੋਂ ਸ਼ਾਮ ਛੇ ਵਜੇ ਲਿਖਤੀ ਭਰੋਸੇ ਮਗਰੋਂ ਜ਼ੈੱਡਪੀਐਸਸੀ ਨੇ ਆਪਣਾ ਸੰਘਰਸ਼ ਮੁਲਤਵੀ ਕਰ ਦਿੱਤਾ। ਐੱਸਐੱਚਓ ਅਮਰੀਕ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਨੂੰ ਕੋਈ ਬੰਦੀ ਨਹੀਂ ਬਣਾਇਆ ਗਿਆ।