ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਮਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਫ਼ਦ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐੱਸਸੀ ਵਿੰਗ ਦੇ ਚੇਅਰਮੈਨ ਡਾ. ਰਾਜ ਕੁਮਾਰ ਚੱਬੇਵਾਲ ਵਿਧਾਇਕ ਨਾਲ ਮੁਲਾਕਾਤ ਕੀਤੀ। ਸਥਾਨਕ ਰੈਸਟ ਹਾਊਸ ਵਿੱਚ ਡਾ. ਚੱਬੇਵਾਲ ਨਾਲ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਪੰਚਾਇਤੀ ਜ਼ਮੀਨਾਂ ਸਬੰਧੀ ਸਾਲਾਨਾ ਨੋਟੀਫਿਕੇਸ਼ਨ ਵਿੱਚ ਕੀਤੀਆਂ ਗਈਆਂ ਸੋਧਾਂ ਉੱਪਰ ਗੱਲਬਾਤ ਕੀਤੀ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਮੁਕੇਸ ਮਲੌਦ ਅਤੇ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ 2018 ਦੌਰਾਨ ਲੰਮੇ ਸੰਘਰਸ਼ ਤੋਂ ਬਾਅਦ ਐੱਸਸੀ ਲੋਕਾਂ ਨੇ ਆਪਣੇ ਹਿੱਸੇ ਆਉਂਦੀਆਂ ਜ਼ਮੀਨਾਂ ਨੂੰ ਹਕੀਕੀ ਰੂਪ ਵਿੱਚ ਲੈਣ ਲਈ ਲੰਮੇ ਸੰਘਰਸ਼ ਤੋਂ ਬਾਅਦ ਨੋਟੀਫਿਕੇਸ਼ਨ ਵਿੱਚ ਸੋਧਾਂ ਦਰਜ ਕਰਵਾਈਆਂ ਸਨ ਜਿਸ ਵਿੱਚ ਐੱਸਸੀ ਲੋਕਾਂ ਦੇ ਹਿੱਸੇ ਆਉਂਦੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਐੱਸਸੀ ਧਰਮਸ਼ਾਲਾ ਵਿੱਚ ਕਰਾਉਣ, ਡੰਮੀ ਬੋਲੀ ਨੂੰ ਤਸਦੀਕ ਕਰਨ, ਰੇਟ ਨਿਰਧਾਰਤ ਕਰਨ, ਤਿੰਨ ਸਾਲਾ ਲੀਜ਼ ਉਪਰ ਲੈਣਾ ਆਦਿ ਸ਼ਾਮਿਲ ਸੀ। ਇਸ ਤਹਿਤ 2018 ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਤਿੰਨ ਪਿੰਡਾਂ ਵਿੱਚ ਤਿੰਨ ਸਾਲਾ ਲੀਜ਼ ਉੱਪਰ ਜ਼ਮੀਨ ਲਈ ਗਈ ਸੀ ਪਰ ਜਦ ਇਸ ਸਾਲ ਵੱਖ ਵੱਖ ਪਿੰਡਾਂ ਵਿੱਚ ਤਿੰਨ ਸਾਲਾ ਪਟੇ ਉੱਪਰ ਸਾਂਝੀ ਖੇਤੀ ਲਈ ਜ਼ਮੀਨ ਦੀ ਮੰਗ ਕੀਤੀ ਗਈ ਤਾਂ ਪ੍ਰਸ਼ਾਸਨ ਵੱਲੋਂ ਸਾਫ ਇਨਕਾਰ ਕਰ ਦਿੱਤਾ ਗਿਆ। ਇਸ ਤਹਿਤ ਪਿਛਲੇ ਸਮੇਂ ਵਿੱਚ ਜਲੂਰ, ਬਾਲਦ ਕਲਾਂ ਸਮੇਤ ਦਰਜਨਾਂ ਪਿੰਡਾਂ ਵਿੱਚ ਬੋਲੀਆਂ ਰੱਦ ਹੋ ਚੁੱਕੀਆਂ ਹਨ। ਰਾਜ ਕੁਮਾਰ ਵੱਲੋਂ ਸਭ ਮੰਗਾਂ ਵਿਧਾਨ ਸਭਾ ਵਿੱਚ ਚੁੱਕ ਕੇ ਇਸ ਦਾ ਠੋਸ ਹੱਲ ਕੱਢਣ ਦਾ ਯਕੀਨ ਦਿਵਾਇਆ ਗਿਆ।