ਮਾਨਵਜੋਤ ਭਿੰਡਰ
ਡਕਾਲਾ, 24 ਫਰਵਰੀ
ਭਾਰਤੀ ਸੈਨਾ ਦੇ 58 ਇੰਜਨੀਅਰ ਵਿੰਗ ’ਚ ਸ਼ਾਮਲ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਰਦਾਂਹੇੜੀ ਦੇ ਵਸਨੀਕ ਲਾਂਸ ਨਾਇਕ ਸ਼ਹੀਦ ਸਲੀਮ ਖਾਨ ਲੱਦਾਖ ਵਿੱਚ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਏ ਸਨ ਜਿਨ੍ਹਾਂ ਨੂੰ ਭਾਰਤੀ ਸੈਨਾ ਵੱਲੋਂ ਵੀਰਤਾ ਪੁਰਸਕਾਰ (ਸੈਨਾ ਮੈਡਲ) ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਪਿੰਡ ਮਰਦਾਂਹੇੜੀ ਪਹੁੰਚੇ ਸੈਨਾ ਦੇ ਅਧਿਕਾਰੀ ਨਾਇਬ ਸੂਬੇਦਾਰ ਵਿਨੈ ਕੁਮਾਰ ਅਤੇ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਵੱਲੋਂ ਸੱਦਾ ਪੱਤਰ ਸੌਂਪਦਿਆਂ ਸ਼ਹੀਦ ਸਲੀਮ ਖਾਨ ਦੀ ਮਾਤਾ ਨਸੀਮਾ ਬੇਗਮ ਅਤੇ ਭਰਾ ਨਿਆਮਤ ਅਲੀ ਨੂੰ 4 ਮਾਰਚ ਨੂੰ ਮਿਲਟਰੀ ਸਟੇਸ਼ਨ ਪਠਾਨਕੋਟ ਵਿੱਚ ਸ਼ਹੀਦ ਸਲੀਮ ਖਾਨ ਨੂੰ ਦਿੱਤੇ ਜਾਣ ਵਾਲੇ ਵੀਰਤਾ ਪੁਰਸਕਾਰ ਲੈਣ ਲਈ ਪਹੁੰਚਣ ਦੀ ਬੇਨਤੀ ਕੀਤੀ ਗਈ। ਸ਼ਹੀਦ ਸਲੀਮ ਖਾਨ ਦੇ ਭਰਾ ਨਿਆਮਤ ਅਲੀ ਨੇ ਦੱਸਿਆ ਕਿ ਸਲੀਮ ਖਾਨ ਦੀ ਸ਼ਹਾਦਤ ’ਤੇ ਪੰਜਾਬ ਸਰਕਾਰ ਵੱਲੋਂ ਕਈ ਐਲਾਨ ਕੀਤੇ ਗਏ ਸਨ ਪ੍ਰੰਤੂ 50 ਲੱਖ ਦੀ ਸਹਾਇਤਾ ਰਾਸ਼ੀ ਦੇਣ ਅਤੇ ਸਕੂਲ ਦਾ ਨਾਂ ਬਦਲਣ ਤੋਂ ਇਲਾਵਾ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਸਮੇਤ ਬਾਕੀ ਐਲਾਨ ਪੂਰੇ ਨਹੀਂ ਹੋ ਸਕੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹੀਦ ਸਲੀਮ ਖਾਨ ਦੀ ਸ਼ਹੀਦੀ ਤੇ ਕੀਤੇ ਐਲਾਨ ਜਲਦ ਪੂਰੇ ਕੀਤੇ ਜਾਣ।
ਚੀਮਾ ਮੰਡੀ (ਜਸਵੰਤ ਸਿੰਘ ਗਰੇਵਾਲ): ਤਕਰੀਬਨ ਡੇਢ ਸਾਲ ਪਹਿਲਾਂ ਗਲਬਾਨ ਘਾਟੀ ਵਿੱਚ ਸ਼ਹੀਦ ਹੋਏ ਭਾਰਤੀ ਸੈਨਾ ਦੇ ਜਵਾਨ ਸ਼ਹੀਦ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਭਾਰਤੀ ਫ਼ੌਜ ਵੱਲੋਂ ਸੈਨਾ ਮੈਡਲ ਦੇ ਕੇ ਸਨਮਾਨਤ ਕੀਤਾ ਜਾਵੇਗਾ। ਪਿੰਡ ਤੋਲਾਵਾਲ ਵਿੱਚ ਸ਼ਹੀਦ ਗੁਰਵਿੰਦਰ ਸਿੰਘ ਦੇ ਘਰ ਇਸ ਨਮਿਤ ਕਰਵਾਏ ਇੱਕ ਸਮਾਗਮ ਦੌਰਾਨ ਭਾਰਤੀ ਸੈਨਾ ਦੇ ਸੂਬੇਦਾਰ ਮਹਾਂਬੀਰ ਪ੍ਰਸਾਦ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਗਲਬਾਨ ਘਾਟੀ ਵਿੱਚ ਜਵਾਨ ਗੁਰਵਿੰਦਰ ਸਿੰਘ ਬਹਾਦਰੀ ਨਾਲ ਦੁਸ਼ਮਣ ਦੀ ਸੈਨਾ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਉਸ ਦੀ ਬਹਾਦਰੀ ਨੂੰ ਦੇਖਦੇ ਹੋਏ ਭਾਰਤੀ ਸੈਨਾ ਵੱਲੋਂ ਸ਼ਹੀਦ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਸੈਨਾ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸ਼ਹੀਦ ਗੁਰਵਿੰਦਰ ਸਿੰਘ ਦੇ ਮਾਤਾ ਪਿਤਾ ਨੂੰ ਇੱਕ ਸੱਦਾ ਪੱਤਰ ਦਿੱਤਾ, ਜਿਸ ਤਹਿਤ 4 ਮਾਰਚ ਨੂੰ ਪਠਾਨਕੋਟ ਵਿੱਚ ਸੈਨਾ ਵੱਲੋਂ ਪਰਿਵਾਰ ਨੂੰ ਸੈਨਾ ਮੈਡਲ ਦਿੱਤਾ ਜਾਵੇਗਾ। ਇਸ ਮੌਕੇ ਲਾਂਸ ਨਾਇਕ ਰਾਜਵਿੰਦਰ ਸਿੰਘ, ਸੁਖਦੇਵ ਸਿੰਘ ਜਨਰਲ ਸੈਕਟਰੀ, ਸਾਬਕਾ ਸੈਨਿਕ ਪਰਮਜੀਤ ਸਿੰਘ ਢੀਂਡਸਾ, ਪ੍ਰਿੰਸੀਪਲ ਨਾਜ਼ਰ ਸਿੰਘ, ਮੇਵਾ ਸਿੰਘ ਸਰਪੰਚ ਤੋਲਾਵਾਲ ਤੇ ਹੋਰ ਪਤਵੰਤੇ ਹਾਜ਼ਰ ਸਨ।