ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਫਰਵਰੀ
ਸਰਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਖੋਖਰ ਕਲਾਂ-ਗੋਬਿੰਦਗੜ੍ਹ ਖੋਖਰ ਨੂੰ ਇਸ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਪਿੰਡ ਇਕਾਈ ਦੇ ਸਹਿਯੋਗ ਨਾਲ ਚਾਲੂ ਕਰਵਾ ਦਿੱਤਾ ਗਿਆ ਹੈ। ਇਸ ਸਮੇਂ ਇਕਾਈ ਪ੍ਰਧਾਨ ਬਿੱਕਰ ਸਿੰਘ ਖੋਖਰ ਕਲਾਂ ਅਤੇ ਬਲਾਕ ਆਗੂ ਬਿੰਦਰ ਖੋਖਰ ਨੇ ਕਿਹਾ ਕਿ ਪਿੰਡ ਦੇ ਸਮੁੱਚੇ ਮਾਪਿਆਂ ਨੇ ਭਾਕਿਯੂ (ਏਕਤਾ ਉਗਰਾਹਾਂ) ਦੀ ਪਿੰਡ ਇਕਾਈ ਕੋਲ ਬੇਨਤੀ ਕੀਤੀ ਗਈ ਕਿ ਜਦ ਪੂਰੇ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ ਅਤੇ ਰਾਜਨੀਤਕ ਪਾਰਟੀਆਂ ਵੱਲੋਂ ਵੋਟਾਂ ਲਈ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਸਕੂਲ ਵੀ ਖੁੱਲ੍ਹੇ। ਜਥੇਬੰਦੀ ਦੀ ਪਿੰਡ ਇਕਾਈ ਨੇ ਮੀਟਿੰਗ ਕਰਕੇ ਪਹਿਲਾਂ ਸਾਰੇ ਪਿੰਡ ’ਚ ਸਕੂਲ ਖੁੱਲ੍ਹਵਾਉਣ ਲਈ ਝੰਡਾਂ ਮਾਰਚ ਕੀਤਾ। ਮਾਰਚ ਦੌਰਾਨ ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਬਿੱਕਰ ਖੋਖਰ, ਬਿੰਦਰ ਖੋਖਰ, ਜਗਦੇਵ ਖੋਖਰ, ਧਰਮਜੀਤ ਖੋਖਰ ਅਜੀਤ ਖੋਖਰ, ਮੇਲਾ ਖੋਖਰ, ਜਸਵਿੰਦਰ ਕੌਰ, ਕਰਮਜੀਤ ਕੌਰ, ਹਰਪ੍ਰੀਤ ਕੌਰ ਅਤੇ ਜਗਰੂਪ ਕੌਰ ਨੇ ਕਿਹਾ ਕਿ ਸਰਕਾਰਾਂ ਕਰੋਨਾ ਦੇ ਬਹਾਨੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣਾ ਚਾਹੁੰਦੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਮਾਪਿਆਂ, ਅਧਿਆਪਕਾਂ, ਵਿਦਵਾਨਾਂ ਤੇ ਚਿੰਤਕਾਂ ਨੇ ਵੀ ਸਕੂਲ ਖੋਲ੍ਹੇ ਜਾਣ ਦੀ ਗੱਲ ਹਮਾਇਤ ਕੀਤੀ। ਜਥੇਬੰਦੀ ਨੇ ਮਾਪਿਆਂ ਦੇ ਕਹਿਣ ਅਤੇ ਸਹਿਯੋਗ ਨਾਲ ਹੀ ਸਕੂਲ ਖੁੱਲ੍ਹਵਾਉਣ ਦਾ ਇਹ ਉਪਰਾਲਾ ਕੀਤਾ ਹੈ।