ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਜੂਨ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੀ ਸ਼ਹਿਰ ਵਾਲੀ ਕੋਠੀ ’ਚ ਸਮੂਹ ਸ਼ਹਿਰੀਆਂ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਬੀਬੀ ਭੱਠਲ ਨੇ 23 ਜੂਨ ਨੂੰ ਲੋਕ ਸਭਾ ਹਲਕਾ ਜ਼ਿਮਨੀ ਚੋਣ ’ਚ ਕਾਂਗਰਸ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੀ ਜਿੱਤ ਯਕੀਨੀ ਬਣਾਉਣ ਲਈ ਵਰਕਰਾਂ ਨੂੰ ਕੰਮ ਕਰਨ ਲਈ ਪ੍ਰੇਰਿਤ ਕੀਤਾ। ਬੀਬੀ ਭੱਠਲ ਨੇ ਕਿਹਾ ਕਿ ਲੋਕ ਸਭਾ ਹਲਕੇ ਦੇ ਵੋਟਰ ਆਪਣੀ ਗਲਤੀ ਸੁਧਾਰ ਕੇ ‘ਆਪ’ ਸਰਕਾਰ ਨੂੰ ਸਬਕ ਸਿਖਾਉਣਗੇ। ਬੀਬੀ ਭੱਠਲ ਨੇ ਕਿਹਾ ਕਿ ਭਗਵੰਤ ਮਾਨ, ਤਜਰਬੇ ਦੀ ਘਾਟ ਕਰਕੇ ਦਿੱਲੀ ਦੇ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ’ਤੇ ਸੂਬਾ ਸਰਕਾਰ ਚਲਾ ਕੇ ਵੱਡਾ ਘਾਟਾ ਖਾਏਗਾ। ਬੀਬੀ ਭੱਠਲ ਨੇ ਮੋਦੀ ਸਰਕਾਰ ’ਤੇ ਈਡੀ ਰਾਹੀਂ ਰਾਹੁਲ ਗਾਂਧੀ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ। ਬੀਬੀ ਭੱਠਲ ਨੇ ਕਾਂਗਰਸੀ ਵਰਕਰਾਂ ਦੀਆਂ ਬੂਥਾਂ ਅਨੁਸਾਰ ਡਿਊਟੀਆਂ ਲਾਈਆਂ। ਉਨ੍ਹਾਂ ਕਿਹਾ ਕਿ ਦਲਬੀਰ ਗੋਲਡੀ ਬਹਾਦਰ ਤੇ ਇਮਾਨਦਾਰ ਕਾਂਗਰਸੀ ਆਗੂ ਹੈ, ਲੋਕ ਉੁਨ੍ਹਾਂ ਨੂੰ ਜਿਤਾ ਕੇ ਵੱਡੀਆਂ ਵੋਟਾਂ ਨਾਲ ਲੋਕ ਸਭਾ ’ਚ ਭੇਜਣਗੇ। ਇਸ ਮੌਕੇ ਪਾਰਟੀ ਦੇ ਸਾਬਕਾ ਮੰਤਰੀ ਪਰਗਟ ਸਿੰਘ, ਮਨਜੀਤ ਸਿੱਕੀ, ਚਰਨਜੀਤ ਬਰਾੜ, ਬਿਕਰਮ ਮੋਫਰ, ਰਮਨ ਬਖਸ਼ੀ ਮੇਅਰ, ਵਿਧਾਇਕ ਇੰਦਰਜੀਤ ਬੁਲਾਰੀਆ, ਸਕੱਤਰ ਸੋਮ ਨਾਥ ਸਿੰਗਲਾ, ਕੁਲਦੀਪ ਸਿੰਘ, ਰਵਿੰਦਰ ਰਿੰਕੂ , ਸ਼ਹਿਰੀ ਪ੍ਰਧਾਨ ਈਸ਼ਵਰ ਸ਼ਰਮਾ, ਬਲਾਕ ਪ੍ਰਧਾਨ ਰਾਜੇਸ਼ ਭੋਲਾ, ਸੰਜੀਵ ਹਨੀ ਤੇ ਚੇਅਰਮੈਨ ਜਸਵਿੰਦਰ ਰਿੰਪੀ ਆਦਿ ਹਾਜ਼ਰ ਸਨ।