ਪੱਤਰ ਪ੍ਰੇਰਕ
ਸ਼ੇਰਪੁਰ, 29 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ’ਚ ਪੈਂਦੇ ਬਲਾਕ ਸ਼ੇਰਪੁਰ ਦੇ ਡਾਰਕ ਜ਼ੋਨ ’ਚ ਮੰਨੇ ਜਾਂਦੇ ਪਿੰਡਾਂ ਨੂੰ ਨਹਿਰੀ ਪਾਣੀ ਦੀ ਵੱਡੀ ਘਾਟ ਸਤਾ ਰਹੀ ਹੈ। ਨਹਿਰੀ ਪਾਣੀ ਪੁੱਜਦਾ ਕਰਨ ਦੀ ਮੰਗ ਸਬੰਧੀ ਪਿਛਲੇ ਹਫ਼ਤੇ ਤੋਂ ਕਿਸਾਨ ਲਾਮਬੰਦੀ ਵਿੱਚ ਜੁਟੀ ਕਿਰਤੀ ਕਿਸਾਨ ਯੂਨੀਅਨ ਨੇ ਅੱਜ ਪਿੰਡ ਕਲੇਰਾਂ ਦੇ ਦਰਵਾਜ਼ੇ ਭਰਵੀਂ ਕਿਸਾਨ ਰੈਲੀ ਕਰਕੇ ਲੋਕਾਂ ਨੂੰ ਆਪਣੀ ਹੱਕੀ ਮੰਗ ਲਈ ਸੰਘਰਸ਼ਾਂ ਦੇ ਅਖਾੜਿਆਂ ਵਿੱਚ ਆਉਣ ਦਾ ਸੱਦਾ ਦਿੱਤਾ। ਪਿੰਡ ਕਲੇਰਾਂ ਵਿੱਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਵਿੱਚ ਕਈ ਅਜਿਹੇ ਪਿੰਡ ਹਨ, ਜਿਨ੍ਹਾਂ ਵਿੱਚ ਪਾਣੀ ਦਾ ਪੱਧਰ ਬਹੁਤ ਡੂੰਘਾ ਚਲਿਆ ਗਿਆ ਹੈ, ਜਿਸ ਤੋਂ ਸਪਸ਼ੱਟ ਜਾਪਦਾ ਹੈ ਕਿ ਅੱਠ ਦਸ ਸਾਲਾਂ ਨੂੰ ਪੰਜ ਦਰਿਆਵਾਂ ਦੇ ਪੁੱਤ ਪਾਣੀ ਨੂੰ ਤਰਸਣਗੇ। ਆਗੂਆਂ ਨੇ ਐਲਾਨ ਕੀਤਾ ਕਿ ਜਥੇਬੰਦੀ ਨੇ 8 ਅਗਸਤ ਨੂੰ ਪੰਜਾਬ ਭਰ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣ ਦੀ ਲੜੀ ਤਹਿਤ ਇਸ ਇਲਾਕੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਨਹਿਰ ਕੱਢਣ ਲਈ ਮੋਟਰਸਾਈਕਲ ਮਾਰਚ ਕੱਢਦਿਆਂ ਪੰਜਾਬ ਦੇ ਮੁੱਖ ਮੰਤਰੀ ਦੇ ਧੂਰੀ ਸਥਿਤ ਦਫ਼ਤਰ ਵਿੱਚ ਮੰਗ ਪੱਤਰ ਦਿੱਤਾ ਜਾਵੇਗਾ।