ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਅਕਤੂਬਰ
31 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖੇਤੀ-ਕਾਨੂੰਨਾਂ ਖ਼ਿਲਾਫ਼ ਰੇਲਵੇ-ਸਟੇਸ਼ਨ ’ਤੇ ਲਾਏ ਪੱਕੇ-ਮੋਰਚੇ ਦਾ ਪੰਜਵਾਂ ਦਿਨ ਮੋਗਾ-ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ। ਰੀਗਲ-ਸਿਨੇਮਾ ਦੇ ਘੋਲ਼ ਦੇ ਗੋਲੀ-ਕਾਂਡ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਇਕੱਠ ਵੱਲੋਂ ਦੋ ਮਿੰਟ ਦਾ ਮੌਨ ਧਾਰਨ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ। ਪੰਜਵੇਂ ਦਿਨ ਵੀ ਕਿਸਾਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇੇ ਗਏ।
ਬੀਕੇਯੂ-ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਸਤਵੰਤ ਸਿੰਘ ਢਢੋਗਲ, ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਹਰਦੇਵ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਯੂਥ-ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ-ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਨਿਰੰਜਨ ਸਿੰਘ ਚੁਨਾਗਰਾ, ਬੀਕੇਯੂ-ਸਿੱਧੂਪੁਰ ਦੇ ਖਜ਼ਾਨਚੀ ਕਸ਼ਮੀਰ ਸਿੰਘ, ਕੁੱਲ ਹਿੰਦ ਕਿਸਾਨ ਸਭਾ-ਪੰਜਾਬ ਦੇ ਅਮਰੀਕ ਸਿੰਘ ਕਾਂਝਲਾ, ਬੀਕੇਯੂ-ਰਾਜੇਵਾਲ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਮੰਗਵਾਲ ਨੇ ਕਿਹਾ ਕਿ ਕੇਂਦਰ-ਸਰਕਾਰ ਲੋਕ-ਮਾਰੂ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ, ਕਿਸਾਨ-ਵਿਰੋਧੀ ਕਾਨੂੰਨ ਕਿਸੇ ਕੀਮਤ ’ਤੇ ਵੀ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਸਾਰੀਆਂ ਰਾਜਨੀਤਕ ਪਾਰਟੀਆਂ ਇਸ ਸਮੇਂ ਮਗਰਮੱਛ ਦੇ ਹੰਝੂ ਵਹਾ ਰਹੀਆਂ ਹਨ, ਜਦੋਂਕਿ ਨੀਤੀਆਂ ਸਭ ਦੀਆਂ ਇੱਕੋ-ਜਿਹੀਆਂ ਹਨ। ਪਿੰਡਾਂ ਦੇ ਲੋਕਾਂ ਵੱਲੋਂ ਕਿਸਾਨ-ਮੋਰਚੇ ਲਈ ਲੰਗਰ ਲਈ ਦਿਲ ਖੋਲ੍ਹ ਕੇ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਬੀਰ ਸਿੰਘ ਜਲੂਰ ਅਤੇ ਨੌਜਵਾਨ ਆਗੂ ਵਰਿੰਦਰ ਕੌਸ਼ਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਆਸੀ-ਪਾਰਟੀਆਂ ਦਾ ਖਹਿੜਾ ਛੱਡ ਕਿਸਾਨ-ਅੰਦੋਲਨ ’ਤੇ ਟੇਕ ਰੱਖੀ ਜਾਵੇ। ਇਸ ਦੌਰਾਨ ਬੀਕੇਯੂ-ਡਕੌਂਦਾ ਦੀ ਔਰਤ-ਵਿੰਗ ਦੀ ਆਗੂ ਸੁਖਵੰਤ ਕੌਰ ਛਾਜਲੀ, ਬੀਕੇਯੂ-ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਪੰਜਾਬ ਕਿਸਾਨ ਯੂਨੀਅਨ ਦੇ ਊਧਮ ਸਿੰਘ ਸੰਤੋਖਪੁਰਾ, ਕਵੀਸ਼ਰੀ ਸਭਾ ਪੰਜਾਬ ਦੇ ਮਿੱਠੂ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਦੇਵ ਸਿੰਘ ਉੱਭਾਵਾਲ ਨੇ ਵੀ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਆਰਐੱਸਐੱਸ ਦਫ਼ਤਰ ਦਾ ਘਿਰਾਓ ਕਰਨ ਵਾਲੇ ਨੌਜਵਾਨ ਭਾਰਤ ਸਭਾ ਅਤੇ ਪੀਐੱਸਯੂ ਦੇ ਆਗੂਆਂ ਨੂੰ ਪੁਲੀਸ ਵਲੋਂ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕਰਦਿਆਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।