ਪੱਤਰ ਪ੍ਰੇਰਕ
ਭਵਾਨੀਗੜ੍ਹ, 4 ਮਈ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਦੀ ਅਗਵਾਈ ਹੇਠ ਇਕਾਈ ਖੇੜੀ ਗਿੱਲਾਂ ਦੇ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਬੀਡੀਪੀਓ ਭਵਾਨੀਗੜ੍ਹ ਨੂੰ ਮੰਗ ਪੱਤਰ ਸੌਂਪਿਆ ਗਿਆ। ਪ੍ਰਗਟ ਕਾਲਾਝਾੜ ਨੇ ਕਿਹਾ ਕਿ ਪਿੰਡ ਖੇੜੀ ਗਿੱਲਾਂ ਦੇ ਖੇਤ ਮਜ਼ਦੂਰ ਰਿਹਾਇਸ਼ੀ ਪਲਾਟਾਂ ਤੋਂ ਵਾਂਝੇ ਹਨ। ਉੁਨ੍ਹਾਂ ਦੱਸਿਆ ਕਿ ਖੇਤ ਮਜ਼ਦੂਰਾਂ ਦੀ ਹਾਲਤ ਪਿੰਡਾਂ ਅੰਦਰ ਬਹੁਤ ਜ਼ਿਆਦਾ ਬਦਤਰ ਬਣੀ ਹੋਈ ਹੈ, ਇੱਕ ਇੱਕ ਕਮਰੇ ਵਿੱਚ ਕਈ-ਕਈ ਜੀਅ ਰਹਿ ਹਨ, ਜਿਸ ਕਾਰਨ ਖੇਤ ਮਜ਼ਦੂਰਾਂ ਅੰਦਰ ਭਾਰੀ ਰੋਸ ਹੈ। ਮਜ਼ਦੂਰ ਆਗੂ ਨੇ ਦੱਸਿਆ ਕਿ ਪਿੰਡ ਖੇੜੀ ਗਿੱਲਾਂ ਦੀ ਗ੍ਰਾਮ ਪੰਚਾਇਤ ਵੱਲੋਂ ਪੰਜ ਮਰਲੇ ਪਲਾਟਾਂ ਦੇ ਸਬੰਧ ਵਿੱਚ ਗ੍ਰਾਮ ਸਭਾ ਦਾ ਮਤਾ ਪਾਇਆ ਗਿਆ ਹੈ, ਪਰ ਅਜੇ ਤੱਕ ਖੇਤ ਮਜ਼ਦੂਰਾਂ ਨੂੰ ਪਲਾਟ ਅਲਾਟ ਕਰਨ ਲਈ ਕੋਈ ਵੀ ਢੁਕਵਾਂ ਅਮਲ ਨਹੀਂ ਚਲਾਇਆ ਗਿਆ। ਬੀਡੀਪੀਓ ਮਨਜੀਤ ਸਿੰਘ ਨੇ ਖੇਤ ਮਜ਼ਦੂਰਾਂ ਨੂੰ ਭਰੋਸਾ ਦਵਾਇਆ ਕਿ ਜਲਦੀ ਜ਼ਮੀਨ ਦੀ ਮਿਣਤੀ ਕਰਾ ਕੇ ਪਲਾਟ ਅਲਾਟ ਕੀਤੇ ਜਾਣਗੇ। ਇਸ ਮੌਕੇ ਰਿੰਕੂ ਸਿੰਘ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।