ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਨਵੰਬਰ
ਇੱਥੇ ਲਹਿਲ ਖੁਰਦ ਪਿੰਡ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖਿਲਾਫ਼ ਪੱਕਾ ਮੋਰਚਾ 418ਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ਨੂੰ ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ ਖੁਰਦ, ਦਰਸ਼ਨ ਸਿੰਘ ਚੰਗਾਲੀਵਾਲਾ, ਪਰਮਜੀਤ ਕੌਰ ਖਾਈ, ਕਰਮਜੀਤ ਕੌਰ ਭੁਟਾਲ ਕਲਾਂ ਜਸਵੀਰ ਕੌਰ ਲਹਿਲ ਕਲਾਂ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਮਰਦ ਤੇ ਔਰਤਾਂ ਫੰਡ ਅਤੇ ਰਾਸ਼ਨ ਇਕੱਠਾ ਕਰਨ ਲੱਗੇ ਹੋਏ ਹਨ। ਨੌਜਵਾਨਾਂ ਨੇ ਟਰੈਕਟਰ ਟਰਾਲੀਆਂ ਉਤੇ ਤਰਪਾਲਾਂ ਪਾ ਕੇ ਆਰਜ਼ੀ ਘਰ ਤਿਆਰ ਕਰ ਲਏ ਹਨ। ਪਿੰਡ ਇਕਾਈਆਂ ਵਲੋਂ ਕਿਸਾਨਾਂ ਮਜ਼ਦੂਰਾਂ ਦੇ ਘਰ ਘਰ ਜਾ ਕੇ ਉਹਨਾਂ ਨੂੰ ਦਿੱਲੀ ਚਲੋਂ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।
ਜਥੇਬੰਦੀ ਨੇ ਐਲਾਨ ਕੀਤਾ ਕਿ ਬਲਾਕ ਲਹਿਰਾਗਾਗਾ ਤੋਂ 25,000 ਦਾ ਇਕੱਠ ਦਿੱਲੀ ਦੇ ਟਿਕਰੀ ਬਾਡਰ ਉੱਤੇ ਜਾਣ ਲਈ 25 ਨਵੰਬਰ ਨੂੰ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਹਜ਼ਾਰਾਂ ਟ੍ਰੈਕਟਰ ਟਰਾਲੀਆਂ ਖਨੌਰੀ ਬਾਰਡਰ ਤੋਂ ਰਵਾਨਾ ਹੋਣਗੇ।