ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਅਕਤੂਬਰ
ਇਥੇ ਖੇਤੀ ਵਿਰੋਧੀ ਕਾਨੂੰਨ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਥੇ ਲੇਹਲ ਖੁਰਦ ਕੈਚੀਆਂ ’ਚ ਬਣੇ ਰਿਲਾਇੰਸ ਪੰਪ ਅੱਗੇ ਲਗਾਤਾਰ ਚੱਲ ਰਿਹਾ ਧਰਨਾ ਪੰਦਰਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ’ਚ ਔਰਤਾਂ ਵੱਲੋਂ ਭਰਵੀਂ ਸ਼ਮੂਲੀਅਤ ਕਰਕੇ ਏਕੇ ਦਾ ਸਬੂਤ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪੀਐਸਯੂ ਦੀ ਆਗੂ ਖੁਸ਼ਪ੍ਰੀਤ ਕੌਰ ਨੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਅਤੇ ਸੋਚ ਨੂੰ ਸਮਰਪਿਤ ਗੀਤ ਗਾਕੇ ਧਰਨਾਕਾਰੀਆਂ ਦੇ ਖੂਨ ਨੂੰ ਗਰਮਾਇਆ।
ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ, ਬਹਾਲ ਸਿੰਘ ਢੀਂਡਸਾ ਨੇ ਕੇਂਦਰ ਦੀ ਸਰਕਾਰ ਵੱਲੋਂ ਜਥੇਬੰਦੀ ਸਣੇ 30 ਕਿਸਾਨ ਜਥੇਬੰਦੀਆਂ ਨੂੰ ਦਿੱਲੀ ’ਚ ਬੁਲਾਕੇ ਕੀਤੀ ਡਰਾਮੇਬਾਜ਼ੀ ਦੀ ਸਖ਼ਤ ਨਿਖੇਧੀ ਕੀਤੀ। ਧਰਨੇ ’ਚ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਖੁਸ਼ਪ੍ਰੀਤ ਕੌਰ ਅਤੇ ਹੋਰ ਵਿਦਿਆਰਥੀਆਂ ਨੇ ਗੀਤ ਪੇਸ਼ ਕਰਕੇ ਲੋਕਾਂ ਨੂੰ ਖੇਤੀ ਨੂੰ ਬਚਾਉਣ ਲਈ ਕਰੋ ਜਾਂ ਮਰੋਂ ਦੀ ਵੱਡੀ ਲੜ੍ਹਾਈ ਲਈ ਜਾਗਰੂਕ ਕੀਤਾ।