ਰਮੇਸ਼ ਭਾਰਦਵਾਜ
ਲਹਿਰਾਗਾਗਾ, 7 ਅਕਤੂਬਰ
ਬੇਸ਼ੱਕ ਪਰਮਲ ਕਿਸਮ ਦੇ ਝੋਨੇ ਨੇ ਸਰਕਾਰੀ ਬੋਲੀ ਸ਼ੁਰੂ ਹੋਣ ਦੇ ਬਾਵਜੂਦ ਤੇਜ਼ੀ ਨਹੀਂ ਫੜ੍ਹੀ ਪਰ ਇਸ ਵਾਰ ਬਾਸਮਤੀ ਝੋਨੇ ਦੀ ਆਮਦ ਵਧੇਰੇ ਹੋਣ ਕਰਕੇ ਮੁੱਢਲੇ ਰੇਟ 2800-3100 ਤੱਕ ਮਿਲਣ ਤੋਂ ਕਿਸਾਨ ਖੁਸ਼ ਹਨ ਅਤੇ ਬਾਸਮਤੀ ਵੀ 1509 ਹੀ ਆ ਰਹੀ ਹੈ। ਪਿੰਡ ਸੇਖੂਵਾਸ ਦੇ ਕਿਸਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਉਹ ਸਾਢੇ ਤਿੰਨ ਏਕੜ ਦੀ ਬਾਸਮਤੀ ਵੇਚਣ ਲਈ ਲਿਆਇਆ ਹੈ ਅਤੇ ਇਹ 55-60 ਮਣ ਪ੍ਰਤੀ ਏਕੜ ਨਿਕਲੀ ਹੈ ਅਤੇ ਇਸ ਨੂੰ ਤੁਰੰਤ ਸੰਜੈ ਐਂਡ ਕੰਪਨੀ ਦੀ ਦੁਕਾਨ ’ਤੋਂ ਆਰਐੱਸ ਫੂਡ ਕੰਪਨੀ ਨੇ 3000 ਰੁਪਏ ਦੇ ਭਾਅ ਖ੍ਰੀਦਿਆ ਹੈ। ਆੜ੍ਹਤੀ ਯੂਨੀਅਨ ਦੇ ਪ੍ਰਧਾਨ ਸੰਜੈ ਸਿੰਗਲਾ ਤੋਤੂ ਨੇ ਦੱਸਿਆ ਕਿ ਇਸ ਵੇਲੇ ਲਹਿਰਾਗਾਗਾ ਵਿੱਚ ਬਾਸਮਤੀ ਦੇ ਇਥੇ ਸਿਰਫ਼ ਤਿੰਨ ਚਾਰ ਹੀ ਖਰੀਦਦਾਰ ਹਨ। ਜਾਣਕਾਰ ਸੂਤਰਾਂ ਅਨੁਸਾਰ ਬਲਾਕ ਲਹਿਰਾਗਾਗਾ ਵਿੱਚ ਕਰੀਬ 16800 ਹੈਕਟੇਅਰ ਬਾਸਮਤੀ ਦੀ ਕਾਸ਼ਤ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਦੱਸਿਆ ਕਿ ਇਸ ਵਾਰ ਹਰ ਕਿਸਮ ਦੇ ਝੋਨੇ ਦਾ ਝਾੜ ਘੱਟ ਨਿਕਲਣ ਕਰਕੇ ਕਿਸਾਨਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਰੀਦਦਾਰਾਂ ’ਚ ਮੁਕਾਬਲੇਬਾਜ਼ੀ ਨਾ ਹੋਣ ਕਰਕੇ ਕਿਸਾਨੀ ਦੀ ਲੁੱਟ ਕੀਤੀ ਜਾ ਰਹੀ ਹੈ। ਮਾਰਕਿਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਰਣਧੀਰ ਸਿੰਘ ਖਾਲਸਾ ਅਨੁਸਾਰ ਲਹਿਰਾਗਾਗਾ ਦੀ ਮੰਡੀ ਵਿੱਚ ਇਸ ਵਾਰ ਬਾਸਮਤੀ 1509 ਦੀ ਕਰੀਬ 600 ਕੁਇੰਟਲ ਬਾਸਮਤੀ 2800 -3100 ਰੁਪਏ ਤੱਕ ਹੀ ਵਿੱਕੀ ਹੈ। ਉਨ੍ਹਾਂ ਦੱਸਿਆ ਕਿ ਪਰਮਲ ਝੋਨੇ ਦੀ ਆਮਦ ’ਤੇ ਭਾਰੀ ਤੇਜ਼ੀ ਆਈ ਹੈ ਅਤੇ 17 ਫੀਸਦੀ ਨਮੀ ਵਾਲਾ ਝੋਨਾ ਤੁਰੰਤ ਵਿਕ ਰਿਹਾ ਹੈ।